ਠੱਗਾਂ ਨੇ ਏਡੀਸੀਪੀ ਦੇ ਰੀਡਰ ਦੇ ਖਾਤਿਆਂ ’ਚੋਂ 4.63 ਲੱਖ ਉਡਾਏ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਨਵੰਬਰ
ਲੋਕਾਂ ਨੂੰ ਸਾਈਬਰ ਠੱਗਾਂ ਤੋਂ ਬਚਾਉਣ ਵਾਲੇ ਪੁਲੀਸ ਅਧਿਕਾਰੀ ਏਡੀਸੀਪੀ ਵਨ ਦੇ ਰੀਡਰ ਨੂੰ ਨਿਸ਼ਾਨਾ ਬਣਾਉਂਦਿਆਂ ਸਾਈਬਰ ਠੱਗਾਂ ਨੇ ਉਸ ਦੇ ਦੋ ਖਾਤਿਆਂ ਤੋਂ 4.63 ਲੱਖ ਰੁਪਏ ਉਡਾ ਲਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੈਬੋਵਾਲ ਕਲਾਂ ਦੇ ਸੰਤੋਖ ਨਗਰ ਇਲਾਕੇ ਵਿੱਚ ਰਹਿਣ ਵਾਲੇ ਏਡੀਸੀਪੀ ਵਨ ਰੀਡਰ ਜਸਬੀਰ ਸਿੰਘ ਪੰਜਾਬ ਪੁਲੀਸ ਵਿੱਚ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਵਿੱਚ ਉਸ ਦੇ ਦੋ ਖਾਤੇ ਹਨ। ਕੁਝ ਦਿਨ ਪਹਿਲਾਂ ਅਣਪਛਾਤੇ ਮੁਲਜ਼ਮਾਂ ਨੇ ਉਸ ਦੇ ਓਟੀ ਲਿਮਟ ਖਾਤੇ ਵਿੱਚੋਂ 1,31,500 ਰੁਪਏ, 1,99,999 ਰੁਪਏ ਅਤੇ 99,999 ਹਜ਼ਾਰ ਰੁਪਏ ਅਤੇ ਸੇਵਿੰਗ ਅਕਾਉਂਟ ਵਿੱਚੋਂ 32 ਹਜ਼ਾਰ ਰੁਪਏ ਕਢਵਾ ਲਏ।
ਜਦੋਂ ਤੱਕ ਜਸਬੀਰ ਸਿੰਘ ਨੂੰ ਇਸ ਬਾਰੇ ਪਤਾ ਲੱਗਾ, ਉਦੋਂ ਤੱਕ ਪੈਸੇ ਕਢਵਾ ਲਏ ਗਏ ਸਨ। ਉਸ ਨੇ ਤੁਰੰਤ ਬੈਂਕ ਨਾਲ ਸੰਪਰਕ ਕੀਤਾ, ਪਰ ਬੈਂਕ ਵਾਲਿਆਂ ਨੂੰ ਵੀ ਇਸ ਗੱਲ ਦਾ ਕੋਈ ਸੁਰਾਗ ਨਹੀਂ ਸੀ ਕਿ ਪੈਸੇ ਕਿਸ ਨੇ ਅਤੇ ਕਿਵੇਂ ਕਢਵਾਏ। ਪੈਸੇ ਕੱਟੇ ਜਾਣ ਸਬੰਧੀ ਸਿਰਫ਼ ਉਸ ਕੋਲ ਮੈਸੇਜ ਪਹੁੰਚੇ ਸਨ, ਜਿਸ ਦੀ ਜਾਣਕਾਰੀ ਉਸ ਨੇ ਸਾਈਬਰ ਟੀਮ ਨੂੰ ਦਿੱਤੀ। ਇਸ ਮਗਰੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਸਾਈਬਰ ਠੱਗਾਂ ਨੇ ਅੰਜਾਮ ਦਿੱਤਾ ਹੈ। ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਕਿੱਥੋਂ ਦੇ ਹਨ ਅਤੇ ਕਿਸ ਖਾਤਿਆਂ ’ਚ ਪੈਸੇ ਟਰਾਂਸਫਰ ਕੀਤੇ ਗਏ ਹਨ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।