ਸਰਪੰਚ ਮੁਲਖ ਰਾਜ ਨੂੰ ‘ਪਿੰਡ ਦਾ ਮਾਣ’ ਪੁਰਸਕਾਰ
ਪੱਤਰ ਪ੍ਰੇਰਕ
ਬੰਗਾ, 11 ਜੂਨ
ਸਾਇਕਲ ਸਫ਼ਰ ਰਾਹੀਂ ਤੰਦਰੁਸਤੀ ਦਾ ਹੋਕਾ ਦੇਣ ਹਿੱਤ ਇੱਥੇ ਸ਼ੁਰੂ ਕੀਤਾ ਗਿਆ ‘ਸਾਇਕਲ ਸਫ਼ਰ ਕਾਫ਼ਲਾ’ ਅੱਜ ਆਪਣੇ ਪਲੇਠੇ ਸਫ਼ਰ ਤਹਿਤ ਪਿੰਡ ਲੜੋਆ ਪੁੱਜਾ। ਕਾਫ਼ਲੇ ਦੀ ਅਗਵਾਈ ਕਰਦਿਆਂ ਰਣਵੀਰ ਰਾਣਾ, ਰਾਜਿੰਦਰ ਜੱਸਲ ਅਤੇ ਦਵਿੰਦਰ ਬੇਗ਼ਮਪੁਰੀ ਨੇ ਦੱਸਿਆ ਕਿ ਬੰਗਾ ਤੋਂ ਸ਼ੁਰੂ ਕੀਤਾ ਗਏ ਇਸ ਕਾਫ਼ਲੇ ਨੂੰ ਸਾਰੇ ਪਾਸਿਉਂ ਭਰਵਾਂ ਹੁੰਗਾਰਾ ਮਿਲਿਆ ਹੈ। ਪਿੰਡ ਪੂੰਨੀਆਂ, ਗੁਣਾਚੌਰ ਤੇ ਝਿੰਗੜਾਂ ਰਸਤੇ ਪਿੰਡ ਲੜੋਆ ਪੁੱਜੇ ਇਸ ਦਾ ਕਾਫ਼ਲੇ ਦਾ ਨਿੱਘਾ ਸਵਾਗਤ ਕੀਤਾ ਗਿਆ। ਰਣਬੀਰ ਰਾਣਾ ਨੇ ਦੱਸਿਆ ਕਿ ਇਹ ਕਾਫ਼ਲਾ ਹਰ ਐਤਵਾਰ ਸਵੇਰੇ ਦੋ ਘੰਟੇ ਆਪਣਾ ਸਫ਼ਰ ਤਹਿ ਕਰਦਿਆਂ ਇਹ ਇਲਾਕੇ ਦੇ ਵਿਲੱਖਣ ਪਿੰਡਾਂ ਵਿੱਚ ਜਾਇਆ ਕਰੇਗਾ ਅਤੇ ਉੱਥੋਂ ਦੇ ਬਹੁਪੱਖੀ ਵਿਕਾਸ ‘ਚ ਯੋਗਦਾਨ ਪਾਉਣ ਲਈ ਸਰਪੰਚ/ਸਮਾਜ ਸੇਵੀ ਨੂੰ ‘ਪਿੰਡ ਦਾ ਮਾਣ’ ਪ੍ਰਦਾਨ ਕੀਤਾ ਜਾਵੇਗਾ। ਇਸ ਯਤਨ ਤਹਿਤ ਅੱਜ ਪਿੰਡ ਲੜੋਆ ਦੇ ਸਰਪੰਚ ਮੁਲਖ ਰਾਜ ਨੂੰ ਇਹ ਮਾਣ ਦਿੱਤਾ ਗਿਆ। ਉਕਤ ਸਨਮਾਨ ਰਸਮ ਨਿਭਾਉਣ ਲਈ ਡਾ. ਬਖਸ਼ੀਸ਼ ਸਿੰਘ ਸੰਸਥਾਪਕ ਕਰਨ ਹਸਪਤਾਲ ਬੰਗਾ ਵਿਸ਼ੇਸ਼ ਤੌਰ ‘ਤੇੇ ਸ਼ਾਮਲ ਹੋਏ।