ਗੁਲਾਮੀ ਤੇ ਆਜ਼ਾਦੀ ਦੁਆਲੇ ਘੁੰਮਦੀ ਹੈ ‘ਦਿ ਵਨ ਐਂਡ ਓਨਲੀ ਇਵਾਨ’
ਨਵੀਂ ਦਿੱਲੀ, 20 ਅਗਸਤ
ਹੌਲੀਵੁੱਡ ਦੇ ਲੇਖਕ ਮਾਈਕ ਵ੍ਹਾਈਟ ਨੇ ਕਿਹਾ ਕਿ ਉਸ ਦੀ ਆਉਣ ਵਾਲੀ ਡਿਜ਼ਨੀ ਫਿਲਮ ‘ਦਿ ਵਨ ਐਂਡ ਓਨਲੀ ਇਵਾਨ’ ਗੁਲਾਮੀ ਤੇ ਆਜ਼ਾਦੀ ਦੇ ਵਿਸ਼ੇ ਦੁਆਲੇ ਘੁੰਮਦੀ ਹੈ ਅਤੇ ਇਹ ਦਰਸ਼ਕਾਂ ਨੂੰ ਮੌਜੂਦਾ ਸਮੇਂ ਨਾਲ ਜੋੜੇਗੀ। ‘ਸਕੂਲ ਆਫ ਰੌਕ’, ‘ਬੀਟਰਿਜ਼ ਐਟ ਡਿਨਰ’ ਅਤੇ ‘ਪਿੱਚ ਪਰਫੈਕਟ 3’ ਵਰਗੀਆਂ ਫਿਲਮਾਂ ਲਿਖਣ ਵਾਲੇ ਮਾਈ ਵ੍ਹਾਈਟ ਨੇ 2012 ’ਚ ਕੈਥਰੀਨ ਐੱਪਲਗੇਟ ਵੱਲੋਂ ਇਸੇ ਸਿਰਲੇਖ ਹੇਠ ਲਿਖੀ ਪੁਸਤਕ ਦੇ ਆਧਾਰ ’ਤੇ ਇਸ ਫਿਲਮ ਦੀ ਕਹਾਣੀ ਲਿਖੀ ਹੈ। ਮਾਈਕ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਇਵਾਨ ਨਾਂ ਦੇ ਇੱਕ ਗੋਰੀਲੇ ’ਤੇ ਆਧਾਰਿਤ ਹੈ ਜੋ ਰੂਬੀ ਨਾਂ ਦੇ ਹਾਥੀ ਦੇ ਬੱਚੇ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਤਫਾਕ ਨਾਲ ਇਹ ਕਹਾਣੀ ਸੱਚੀਆਂ ਘਟਨਾਵਾਂ ਨਾਲ ਜੁੜ ਗਈ ਹੈ ਕਿਉਂਕਿ ਇਵਾਨ 27 ਸਾਲ ਇੱਕ ਪਿੰਜਰੇ ’ਚ ਰਹਿਣ ਮਗਰੋਂ ਉਸ ਸਮੇਂ ਆਜ਼ਾਦ ਹੁੰਦਾ ਹੈ ਜਦੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਸਾਰੇ ਲੋਕ ਆਪੋ-ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਲੋਕ ਫਿਲਮ ਦੇਖਣਗੇ ਤੇ ਖੁਦ ਦੀ ਅਤੇ ਜਾਨਵਰਾਂ ਦੀ ਜ਼ਿੰਦਗੀ ਨੂੰ ਆਪਸ ’ਚ ਜੋੜ ਕੇ ਦੇਖ ਸਕਣਗੇ।
-ਪੀਟੀਆਈ