‘ਇਕ ਦੇਸ਼, ਇਕ ਰਾਸ਼ਨ-ਕਾਰਡ’ ਯੋਜਨਾ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਗਸਤ
ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਅੱਜ ਚੰਡੀਗੜ੍ਹ ਵਿੱਚ ‘ਇੱਕ ਦੇਸ਼, ਇੱਕ ਰਾਸ਼ਨ ਕਾਰਡ’ ਸਕੀਮ ਨੂੰ ਰਿਲੀਜ਼ ਕੀਤਾ। ਸ੍ਰੀ ਪਰੀਦਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਲਾਬੰਦੀ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਸਬੰਧੀ ਪੇਸ਼ ਆ ਰਹੀਆਂ ਦਿੱਕਤਾਂ ਨੂੰ ਵੇਖਦਿਆਂ ਇਸ ਸਕੀਮ ਨੂੰ ਲਾਂਚ ਕੀਤਾ ਹੈ ਜਿਸ ਤਹਿਤ ਕੋਈ ਵੀ ਵਿਅਕਤੀ ਦੇਸ਼ ਵਿੱਚ ਕਿਸੇ ਵੀ ਥਾਂ ’ਤੇ ਆਪਣਾ ਕਾਰਡ ਵਿਖਾ ਕੇ ਰਾਸ਼ਨ ਲੈ ਸਕੇਗਾ। ਸ੍ਰੀ ਪਰੀਦਾ ਨੇ ਦੱਸਿਆ ਕਿ ਇਹ ਕਾਰਡ ਲੋਕਾਂ ਦੇ ਘਰ ਤੱਕ ਪਹੁੰਚਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀਬੀਟੀ) ਦੀ ਸਹੂਲਤ ਸ਼ੁਰੂ ਕੀਤੀ ਜਾ ਚੁੱਕੀ ਹੈ।
ਦੱਸਣਯੋਗ ਹੈ ਕਿ ਸਿਵਲ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਚੰਡੀਗੜ੍ਹ ਤੇ ਐਨਆਈਸੀ ਨੇ ਨਵੇਂ ਰਾਸ਼ਨ ਕਾਰਡ ਲਈ ਸਾਫਟਵੇਅਰ ਤਿਆਰ ਕਰਨ ਲਈ ਆਪਸ ਵਿੱਚ ਸੰਪਰਕ ਕਰ ਲਿਆ ਹੈ। ਇਸ ਕਾਰਡ ਵਿੱਚ ਲਾਭਪਾਤਰੀਆਂ ਦੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਅਤੇ ਬੈਂਕ ਖਾਤਾ ਨੰਬਰ ਸ਼ਾਮਲ ਹੋਵੇਗਾ। ਕਾਰਡ ਧਾਰਕ ਇਸ ਨੂੰ ਦੇਸ਼ ਭਰ ਵਿੱਚ ਲਿਜਾ ਸਕਦੇ ਹਨ ਤੇ ਰਾਸ਼ਨ ਪ੍ਰਾਪਤ ਕਰ ਸਕਦੇ ਹਨ।