ਪਿਤਾ-ਧੀ ਦੇ ਰਿਸ਼ਤੇ ਨੂੰ ਦਰਸਾਊਂਦੀ ਹੈ ‘ਮੀ ਰਕਸਮ’: ਸ਼ਬਾਨਾ ਆਜ਼ਮੀ
ਨਵੀਂ ਦਿੱਲੀ, 20 ਅਗਸਤ
ਸ਼ਬਾਨਾ ਆਜ਼ਮੀ ਨੂੰ ਫਿਲਮ ਅਦਾਕਾਰਾ ਬਣਨ ਤੋਂ ਪਹਿਲਾਂ ਆਪਣੇ ਪਿਤਾ ਤੇ ਮਸ਼ਹੂਰ ਕਵੀ ਕੈਫੀ ਆਜ਼ਮੀ ਨਾਲ ਕੀਤੀ ਗਈ ਗੱਲਬਾਤ ਅਜੇ ਵੀ ਯਾਦ ਹੈ। ਊਸ ਨੇ ਚੇਤੇ ਕੀਤਾ ਕਿ ਊਸ ਨੇ ਆਪਣੇ ਪਿਤਾ ਨੂੰ ਪੁੱਛਿਆ ਸੀ, ‘‘ਕੀ ਤੁਸੀਂ ਮੈਨੂੰ ਸਹਿਯੋਗ ਕਰੋਗੇ?’’ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਅਦਾਕਾਰਾ ਨੇ ਦੱਸਿਆ, ‘‘ਊਨ੍ਹਾਂ ਦੇ ਪਿਤਾ ਨੇ ਊਸ ਦੇ ਸਵਾਲ ਦੇ ਜਵਾਬ ’ਚ ਕਿਹਾ, ਤੂੰ ਜੋ ਵੀ ਕਰੇਂਗੀ ਮੈਂ ਊਸ ਵਿੱਚ ਤੇਰਾ ਸਮਰਥਨ ਕਰਾਂਗਾ। ਜੇਕਰ ਤੂੰ ਮੋਚੀ ਬਣਨਾ ਚਾਹੁੰਦੀ ਹੈ ਤਾਂ ਮੈਂ ਤੈਨੂੰ ਊਸ ਵਿੱਚ ਵੀ ਪੂਰਾ ਸਹਿਯੋਗ ਕਰਾਂਗਾ ਪਰ ਤੂੰ ਆਪਣੇ ਆਪ ਨੂੰ ਕਹਿ ਕਿ ਤੂੰ ਇਸ ਕਾਰੋਬਾਰ ਵਿੱਚ ਸਭ ਤੋਂ ਵਧੀਆ ਮੋਚੀ ਬਣਨ ਦੀ ਕੋਸ਼ਿਸ਼ ਕਰੇਂਗੀ।’’ ਸ਼ਬਾਨਾ ਆਜ਼ਮੀ ਨੇ ਆਪਣੇ ਪਿਤਾ ਨਾਲ ਆਪਣੇ ਸਬੰਧਾਂ ਬਾਰੇ ਵਿਸਤਾਰ ਵਿੱਚ ਦੱਸਿਆ। ਊਨ੍ਹਾਂ ਆਪਣੇ ਬਚਪਨ ਦਾ ਇਕ ਕਿੱਸਾ ਸੁਣਾਇਆ ਜਦੋਂ ਊਸ ਨੂੰ ਸੁਨਹਿਰੀ ਵਾਲਾਂ ਤੇ ਨੀਲੀਆਂ ਅੱਖਾਂ ਵਾਲੀ ਇਕ ਗੁੱਡੀ ਚਾਹੀਦੀ ਸੀ ਪਰ ਊਸ ਦੇ ਪਿਤਾ ਨੇ ਊਸ ਨੂੰ ਇਕ ਕਾਲੀ ਗੁੱਡੀ ਲਿਆ ਕੇ ਦਿੱਤੀ ਤੇ ਕਿਹਾ ‘ਕਾਲਾ ਰੰਗ ਸੋਹਣਾ ਹੈ।’ ਊਨ੍ਹਾਂ ਕਿਹਾ, ‘‘ਇਕ ਸੱਤ ਸਾਲ ਦੀ ਬੱਚੀ ਨੂੰ ਇਹ ਦੱਸਣਾ ਕੁਝ ਅਜੀਬ ਹੈ ਪਰ ਮੈਨੂੰ ਊਨ੍ਹਾਂ ਤੋਂ ਇਹ ਕਦਰਾਂ-ਕੀਮਤਾਂ ਮਿਲੀਆਂ।’’
ਅਦਾਕਾਰਾ ਨੇ ਕਿਹਾ, ‘‘ਕੈਫੀ ਆਜ਼ਮੀ ਨੇ ਆਪਣੇ ਬੱਚਿਆਂ ਵਿੱਚ ਭਾਰਤ ਦੇ ਸਾਂਝੇ ਸੱਭਿਆਚਾਰ ਪ੍ਰਤੀ ਪਿਆਰ ਨੂੰ ਵੀ ਭਰਿਆ ਅਤੇ ਊਨ੍ਹਾਂ (ਸ਼ਬਾਨਾ ਆਜ਼ਮੀ ਤੇ ਊਨ੍ਹਾਂ ਦੇ ਭਰਾ ਸਿਨੇਮਾਟੋਗ੍ਰਾਫ਼ਰ ਬਾਬਾ ਆਜ਼ਮੀ) ਨੇ ਆਪਣੇ ਕੰਮ, ਨਵੀਂ ਫਿਲਮ ‘ਮੀ ਰਕਸਮ’ (ਮੈਂ ਨੱਚਦੀ ਹਾਂ) ਵਿੱਚ ਵੀ ਇਹ ਦਰਸਾਇਆ ਹੈ।’’ ਊਨ੍ਹਾਂ ਕਿਹਾ ਕਿ ਇਹ ਫਿਲਮ ਪਿਤਾ-ਧੀ ਦੇ ਰਿਸ਼ਤੇ ਨੂੰ ਦਿਖਾਊਂਦੀ ਹੈ।
-ਪੀਟੀਆਈ