ਮੁੱਖ ਮੰਤਰੀ ਦੇ ਹਲਕੇ ਵਿੱਚ ‘ਆਪ’ ਨੂੰ ਮਿਲਿਆ ਹੁਲਾਰਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਅਗਸਤ
ਮੁੱਖ ਮੰਤਰੀ ਦੇ ਹਲਕਾ ਪਟਿਆਲਾ (ਸ਼ਹਿਰੀ) ਵਿੱਚ ਅੱਜ 40 ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਪਾਰਟੀ ਲੀਡਰਸ਼ਿਪ ਇਸ ਸ਼ਮੂਲੀਅਤ ਨੂੰ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਪ੍ਰਚਾਰ ਰਹੀ ਹੈ।
ਅੱਜ ਦਾ ਸਮਾਗਮ ਸੰਦੀਪ ਬੰਧੂ ਦੀ ਅਗਵਾਈ ਵਿਚ ਹੋਇਆ ਜਿਸ ਵਿਚ ਪਾਰਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਮਨੂੰ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਾਂਗਰਸ ਨੂੰ ਦਿੱਤੇ ਇਸ ਝਟਕੇ ਦੀ ਖ਼ੁਸ਼ੀ ਮਨਾਉਂਦਿਆਂ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ, ਤੇਜਿੰਦਰ ਮਹਿਤਾ, ਗਗਨ ਚੱਢਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਇਸ ਕਰਕੇ ਹੀ ਲੋਕ ‘ਆਪ’ ਨੂੰ ਅਪਣਾ ਰਹੇ ਹਨ। ਸੰਦੀਪ ਬੰਧੂ ਸਾਬਕਾ ਜੁਆਇੰਟ ਸੈਕਟਰੀ ਨੇ ਕਿਹਾ ਕਿ ਪਟਿਆਲਾ ਦੀ ਸੰਜੇ ਕਲੋਨੀ ਵਿੱਚ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਆਮ ਲੋਕਾਂ ਦੇ ਵਿਚਕਾਰ ਛੋਟੇ-ਛੋਟੇ ਬੱਚਿਆਂ ਦੇ ਹੱਥੋਂ ਕੇਕ ਕੱਟਵਾ ਕੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਮੌਕੇ ਕਾਂਗਰਸੀ ਗੜ੍ਹ ਮੰਨੇ ਜਾਂਦੇ ਸੰਜੇ ਕਾਲੋਨੀ ਇਲਾਕੇ ਵਿੱਚੋਂ ਪਾਰਟੀ ਦੇ ਯੂਥ ਆਗੂ ਗੋਲੂ ਰਾਜਪੂਤ ਦੀ ਪ੍ਰੇਰਨਾ ਸਦਕਾ ਸੂਰਜ ਕੁਮਾਰ ਦੀ ਅਗਵਾਈ ਵਿੱਚ 40 ਕਾਂਗਰਸੀ ਪਰਿਵਾਰ ਪਾਰਟੀ ਵਿੱਚ ਸ਼ਾਮਲ ਹੋਏ।
ਰਾਜਪੁਰਾ(ਬਹਾਦਰ ਸਿੰਘ ਮਰਦਾਂਪੁਰ): ਪਿੰਡ ਭੱਪਲ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਮੈਡਮ ਨੀਨਾ ਮਿੱਤਲ, ਜਰਨੈਲ ਸਿੰਘ, ਇਸਲਾਮ ਅਲੀ, ਮਨਦੀਪ ਸਰਾਓ ਅਤੇ ਕਰਨ ਪੁਰੀ ਦੀ ਸਾਂਝੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਪਿੰਡ ਦੇ ਵਸਨੀਕ ਕਰਮ ਸਿੰਘ, ਹਰਬੰਸ ਸਿੰਘ, ਹਜ਼ਾਰਾ ਸਿੰਘ, ਜੁਗਿੰਦਰ ਸਿੰਘ ਸਮੇਤ ਦਰਜਨਾਂ ਹੀ ਅਕਾਲੀ, ਕਾਂਗਰਸੀ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਘਨੌਰ,(ਪੱਤਰ ਪ੍ਰੇਰਕ) ਆਮ ਆਦਮੀ ਪਾਰਟੀ ਵੱਲੋਂ ਮਿਸ਼ਨ 2022 ਤਹਿਤ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਅਰੰਭੀ ਗਈ ਮੁਹਿੰਮ ਤਹਿਤ ਪਾਰਟੀ ਆਗੂਆਂ ਜਰਨੈਲ ਸਿੰਘ ਮੰਨੂ, ਗੁਰਪ੍ਰੀਤ ਸਿੰਘ ਸੰਧੂ ਨਰੜੂ, ਅਮਨ ਹਾਸ਼ਮਪੁਰ, ਬਲਵਿੰਦਰ ਸਿੰਘ ਪੱਪੂ ਝਾੜਵਾਂ ਅਤੇ ਗੁਰਜੰਟ ਸਿੰਘ ਮਹਿਦੂਦਾਂ ਦੀ ਅਗਵਾਈ ਵਿੱਚ ਪਿੰਡ ਸਰਾਲਾ ਕਲਾਂ, ਸਰਾਲਾ ਖੁਰਦ, ਸਾਹਲ, ਫਰੀਦਪੁਰ, ਚਤਰਨਗਰ ਅਤੇ ਜੰਡ ਮੰਗੌਲੀ ਸਮੇਤ ਅੱਧਾ ਦਰਜਨ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਕੀਤੀਆ ਗਈਆਂ। ਮੀਟਿੰਗਾਂ ਦੌਰਾਨ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਪਾਰਟੀ ਨਾਲ ਜੋੜਨ ਲਈ ਪ੍ਰੇਰਿਆ ਗਿਆ।