3704 ਅਧਿਆਪਕਾਂ ਵੱਲੋਂ ਲੁਧਿਆਣਾ ’ਚ ਪ੍ਰਦਰਸ਼ਨ ਦਾ ਐਲਾਨ
ਸੁਨਾਮ ਊਧਮ ਸਿੰਘ ਵਾਲਾ, 7 ਜੂਨ
3704 ਅਧਿਆਪਕ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਸਬੰਧੀ ਆਉਂਦੀ 10 ਜੂਨ ਨੂੰ ਲੁਧਿਆਣਾ ਪੱਛਮੀ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਅਧਿਆਪਕਾਂ ਨੇ ਅੱਜ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ।
ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 3704 ਅਧਿਆਪਕ ਭਰਤੀ ’ਤੇ ਪੰਜਾਬ ਪੇਅ-ਸਕੇਲ ਲਾਗੂ ਕਰਨ ਸਬੰਧੀ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਜੋ 2 ਜੂਨ ਨੂੰ ਪੂਰਾ ਹੋ ਚੁੱਕਾ ਹੈ ਪਰ ਡੀਪੀਆਈ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਵਿਭਾਗ ਦੇ ਉੱਚ ਅਧਿਕਾਰੀ ਵੱਲੋਂ ਇਸ ਮੰਤਵ ਲਈ ਹੋਰ ਸਮਾਂ ਲੱਗਣ ਦੇ ਸੰਕੇਤ ਮਿਲੇ ਹਨ।
ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਅਦਾਲਤ ਦਾ ਫ਼ੈਸਲਾ ਮੰਨਣ ਤੋਂ ਵੀ ਟਾਲ-ਮਟੋਲ ਕੀਤੀ ਜਾ ਰਹੀ ਹੈ ਜਿਸ ਕਾਰਨ ਅਧਿਆਪਕ ਯੂਨੀਅਨ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹਲਕਾ ਲੁਧਿਆਣਾ ਪੱਛਮੀ ਵਿਖੇ 10 ਜੂਨ ਨੂੰ ਰੋਸ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਸੂਬੇ ਦੇ ਅਧਿਆਪਕ ਵਰਗ ਨੂੰ ਇਸ ਸੰਘਰਸ਼ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਮੌਕੇ ਸੂਬਾ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਆਉਂਦੇ ਦਿਨਾਂ ਵਿੱਚ ਸੂਬਾ ਸਰਕਾਰ ਵਲੋਂ ਜਥੇਬੰਦੀ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਹੋਰ ਵੀ ਤਿੱਖੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਮੌਕੇ ਜਗਜੀਵਨਜੋਤ ਸਿੰਘ ਮਾਨਸਾ, ਦਵਿੰਦਰ ਕੁਮਾਰ ਸੰਗਰੂਰ,ਜਸਵਿੰਦਰ ਸਿੰਘ ਸ਼ਾਹਪੁਰ ਕਲਾਂ, ਜਸਵੀਰ ਕੁਮਾਰ ਅਲੀਸ਼ੇਰ, ਮਨਪ੍ਰੀਤ ਸਿੰਘ ਰਾਏਧਰਾਣਾ, ਸੁਰਜੀਤ ਸਿੰਘ ਦਿੜ੍ਹਬਾ, ਰਾਜੇਸ਼ਵਰ ਰਾਏ ਮੁਕਤਸਰ, ਬਲਵੰਤ ਸਿੰਘ ਫਿਰੋਜ਼ਪੁਰ, ਗੁਰਤੇਜ ਸਿੰਘ ਲੁਧਿਆਣਾ, ਯਾਦਵਿੰਦਰ ਸਿੰਘ ਮੋਗਾ ਅਤੇ ਗੁਰਦੇਵ ਸਿੰਘ ਹਾਜ਼ਰ ਸਨ।