3704 ਅਧਿਆਪਕ ਯੂਨੀਅਨ ਵੱਲੋਂ ਲੁਧਿਆਣਾ ਵਿੱਚ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੂਨ
3704 ਅਧਿਆਪਕ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ 3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਛੇਵਾਂ ਪੇਅ ਸਕੇਲ ਲਾਗੂ ਕਰਨ ਦੀ ਮੰਗ ਕਰ ਰਹੀ ਹੈ ਜਦਕਿ ਸਰਕਾਰ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਸੂਬਾ ਆਗੂ ਨੇ ਦੱਸਿਆ ਕਿ ਉਨ੍ਹਾਂ ਦੀ 3704 ਮਾਸਟਰ ਕੇਡਰ ਭਰਤੀ ਦਾ ਇਸ਼ਤਿਹਾਰ 17 ਜੁਲਾਈ 2020 ਤੋਂ ਪਹਿਲਾਂ ਦਾ ਆਇਆ ਸੀ। ਪਰ ਵਿਭਾਗ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਉਪਰ ਧੱਕੇ ਨਾਲ ਸੈਂਟਰ ਦੇ ਅਧੂਰੇ ਪੇਅ- ਸਕੇਲ ਥੋਪ ਦਿੱਤੇ ਹਨ ਜਦਕਿ ਉਨ੍ਹਾਂ ਦੀ ਭਰਤੀ ਲਈ ਵਿੱਤ ਵਿਭਾਗ ਤੋਂ ਮਨਜ਼ੂਰੀ ਵੀ ਪੰਜਾਬ ਦੇ ਸਕੇਲਾਂ ਅਨੁਸਾਰ ਲਈ ਗਈ ਸੀ।
ਇਸ ਸਬੰਧੀ ਉਨ੍ਹਾਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਕੇਸ ਜਿੱਤ ਗਏ। ਅਧਿਆਪਕ ਆਗੂ ਨੇ ਕਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚ ਕੇ ਸਰਕਾਰ ਮਨਘੜਤ ਕੇਂਦਰੀ ਪੇਅ ਸਕੇਲ ਲਾਗੂ ਕਰਵਾਉਣ ਦੀ ਕੋਸ਼ਿਸ਼ ਵਿੱਚ ਰਹੀ ਪ੍ਰੰਤੂ ਸੁਪਰੀਮ ਕੋਰਟ ਨੇ ਵੀ ਹਾਈਕੋਰਟ ਦੇ ਫੈਸਲੇ ਨੂੰ ਹੀ ਬਹਾਲ ਰੱਖਦੇ ਹੋਏ ਪੰਜਾਬ ਪੇਅ ਸਕੇਲ ਲਾਗੂ ਕਰਨ ਦੀ ਸਰਕਾਰ ਨੂੰ ਹਦਾਇਤ ਕੀਤੀ ਹੈ। ਪਰ ਹਾਲੇ ਤੱਕ ਵੀ ਸਰਕਾਰ ਹਾਈਕੋਰਟ ਅਤੇ ਸੁਪਰੀਮ ਕੋਰਟ ਦਾ ਫ਼ੈਸਲਾ ਮੰਨਣ ਤੋਂ ਇਨਕਾਰੀ ਹੈ।
ਉਨ੍ਹਾਂ ਕਿਹਾ ਕਿ ਜੋ ਸਰਕਾਰ ਬਦਲਾਵ ਦਾ ਹੋਕਾ ਦੇ ਕੇ ਸੱਤਾ ਵਿਚ ਆਈ ਸੀ ਅਤੇ ਚੋਣਾਂ ਤੋਂ ਪਹਿਲਾ ਇਹ ਅਧੂਰੇ ਕੇਂਦਰੀ ਪੇਅ -ਸਕੇਲ ਦੀ ਨਿਖੇਧੀ ਕਰਦੀ ਸੀ। ਉਹ ਹੀ ਸਰਕਾਰ ਹੁਣ ਅਧੂਰੇ ਕੇਂਦਰੀ ਪੇਅ ਸਕੇਲਾਂ ਦਾ ਸਮਰਥਨ ਕਰਦੀ ਹੈ। ਸੂਬਾ ਆਗੂ ਨੇ ਦੱਸਿਆ ਕਿ ਵਿਭਾਗ ਵਲੋਂ 3704 ਮਾਸਟਰ ਕੇਡਰ ਭਰਤੀ ਦੀਆਂ ਮੈਰਿਟ ਲਿਸਟਾਂ ਰਿਵਾਈਜ ਕੀਤੀਆਂ ਸਨ। ਜਿਸ ਕਾਰਨ ਸਾਡੇ ਕੁੱਝ ਅਧਿਆਪਕ ਸਾਥੀ ਮੈਰਿਟ ਲਿਸਟਾਂ ਵਿੱਚੋ ਬਾਹਰ ਕਰ ਦਿੱਤੇ ਗਏ। ਉਹ ਅਧਿਆਪਕ ਆਪਣਾ ਪਰਖਕਾਲ ਮੁਕੰਮਲ ਕਰਕੇ ਪਿਛਲੇ 4 ਸਾਲ ਤੋਂ ਸਿੱਖਿਆ ਵਿਭਾਗ ਵਿੱਚ ਪੱਕੇ ਕਰਮਚਾਰੀ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ। ਸਰਕਾਰ ਇਹ ਯਕੀਨੀ ਬਣਾਵੇ ਕਿ ਉਨ੍ਹਾਂ ਨੂੰ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਜੋ ਬਦਲੀਆਂ ਦਾ ਪੋਰਟਲ ਸਰਕਾਰ ਵਲੋਂ ਖੋਲਿ੍ਹਆ ਗਿਆ ਹੈ ਕੁਝ ਸਾਥੀਆਂ ਦੀ 2 ਸਾਲ ਦੀ ਸਟੇਅ ਦੀ ਸ਼ਰਤ ਪਿਛਲੀ ਬਦਲੀਆਂ 3 ਮਹੀਨੇ ਲੇਟ ਹੋਣ ਕਾਰਨ ਪੂਰੀ ਨਹੀਂ ਹੋ ਰਹੀ। ਉਨ੍ਹਾਂ ਨੂੰ ਬਦਲੀਆਂ ਅਪਲਾਈ ਕਰਨ ਦਾ ਮੌਕਾ ਦਿਤਾ ਜਾਵੇ।
ਮੁੱਖ ਮੰਤਰੀ ਨਾਲ 14 ਨੂੰ ਮੀਟਿੰਗ ਤੈਅ
ਪ੍ਰਦਰਸ਼ਨ ਦੌਰਾਨ ਐੱਸਡੀਐੱਮ ਲੁਧਿਆਣਾ ਨੇ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ 14 ਜੂਨ ਨੂੰ ਮੀਟਿੰਗ ਤੈਅ ਕਰਵਾਈ। ਇਹ ਮੀਟਿੰਗ ਡੀਸੀ ਲੁਧਿਆਣਾ ਵੱਲੋਂ ਆਪ ਕਰਵਾਈ ਜਾਵੇਗੀ। ਅਧਿਆਪਕਾਂ ਨੇ ਦੱਸਿਆ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਠੋਸ ਹੱਲ ਨਹੀਂ ਹੋਇਆ ਜਾ ਮੀਟਿੰਗ ਕਿਸੇ ਵਜ੍ਹਾ ਅੱਗੇ ਕੀਤੀ ਗਈ ਤਾਂ 16 ਜੂਨ ਨੂੰ ਫਿਰ ਤੋਂ ਇਸੇ ਤਰ੍ਹਾਂ ਹੀ ਅਧਿਆਪਕਾਂ ਵੱਲੋਂ ਰੋਸ ਮਾਰਚ ਕੀਤਾ ਜਾਵੇਗਾ।
