ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 37 ਫ਼ੀਸਦ ਵਾਧਾ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਦਿੱਲੀ ਵਿੱਚ 2024 ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 37 ਫ਼ੀਸਦ ਵਾਧਾ ਹੋਇਆ। ਇਹ ਖੁਲਾਸਾ ਫਾਇਰ ਵਿਭਾਗ ਦੇ ਅੰਕੜਿਆਂ ਅਨੁਸਾਰ ਹੋਇਆ। ਦਸੰਬਰ ਵਿੱਚ 20,800 ਤੋਂ ਵੱਧ ਅੱਗ ਬੁਝਾਊ ਕਾਲਾਂ ਦਰਜ ਕੀਤੀਆਂ ਗਈਆਂ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 15,169 ਕਾਲਾਂ ਤੋਂ ਕਾਫ਼ੀ ਵੱਧ ਹਨ। ਰਾਜਧਾਨੀ ਵਿੱਚ ਅੱਗ ਨਾਲ ਸਬੰਧਤ ਮੌਤਾਂ ਵਿੱਚ 94 ਫ਼ੀਸਦੀ ਵਾਧਾ ਹੋਇਆ। ਇਸ ਸਾਲ 115 ਮੌਤਾਂ ਹੋਈਆਂ ਜਦੋਂਕਿ 2023 ਵਿੱਚ ਇਹ ਗਿਣਤੀ 59 ਸੀ। ਦਿੱਲੀ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਬੇਮਿਸਾਲ ਐਮਰਜੈਂਸੀ ਕਾਲਾਂ ਆਈਆਂ। 2024 ਵਿੱਚ ਅੱਗ ਦੀਆਂ ਦੋ ਵੱਡੀਆਂ ਘਟਨਾਵਾਂ ਵਾਪਰੀਆਂ। 25 ਮਈ ਨੂੰ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਇੱਕ ਬੱਚਿਆਂ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਜਾਂਚ ਵਿੱਚ ਲਾਪ੍ਰਵਾਹੀ ਸਾਹਮਣੇ ਆਈ। ਫਰਵਰੀ 2024 ਵਿੱਚ ਅਲੀਪੁਰ ਵਿੱਚ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਮਾਲਕ ਸਣੇ 11 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜ਼ਖਮੀ ਹੋ ਗਏ ਸਨ।