ਨਸ਼ਾ ਤਸਕਰਾਂ ਦੀ 37 ਕਰੋੜ ਰੁਪਏ ਦੀ ਜਾਇਦਾਦ ਫਰੀਜ਼
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਅਗਸਤ
ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੀ ਲਗਪਗ 37 ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕਰ ਦਿੱਤੀ ਗਈ ਹੈ। ਪੁਲੀਸ ਤਾ ਦਾਅਵਾ ਹੈ ਕਿ ਇਹ ਜਾਇਦਾਦ ਨਸ਼ਾ ਤਸਕਰੀ ਦੀ ਕਮਾਈ ਨਾਲ ਬਣਾਈ ਗਈ ਹੈ।
ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕੇ ਦੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ ਜਿਨ੍ਹਾਂ ਵਿੱਚ ਜਤਿਨ ਸਿੰਘ ਤੇ ਅਜੇ ਪਾਲ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਪੁਲੀਸ ਨੇ ਹੈਰੋਇਨ ਅਤੇ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਇਨ੍ਹਾਂ ਖਿਲਾਫ਼ ਧਾਣਾ ਥਾਣਾ ਘਰਿੰਡਾ ਵਿੱਚ 2 ਜੁਲਾਈ ਨੂੰ ਐਨਡੀਪੀਐਸ ਐਕਟ ਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਸੀ। ਪੁਲੀਸ ਵੱਲੋਂ ਇਸ ਸੰਬੰਧ ਵਿੱਚ ਕਾਰਵਾਈ ਕਰਦਿਆਂ ਇਨ੍ਹਾਂ ਦੀ ਨਸ਼ਾ ਤਸਕਰੀ ਨਾਲ ਬਣਾਈ ਗਈ ਨਾਮੀ ਤੇ ਬੇਨਾਮੀ ਜਾਇਦਾਦ ਦੀ ਪਛਾਣ ਕੀਤੀ ਗਈ ਹੈ ਜਿਸ ਦੀ ਕੀਮਤ ਲਗਪਗ 37 ਕਰੋੜ, 72 ਲੱਖ 30 ਹਜ਼ਾਰ ਰੁਪਏ ਬਣਦੀ ਹੈ। ਸਮੁੱਚੀ ਜਾਇਦਾਦ ਨੂੰ ਐਨਡੀਪੀਐਸ ਐਕਟ ਦੀ ਧਾਰਾ 68 ਐਫ (ਦੋ) ਹੇਠ ਫਰੀਜ਼ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਤਿਨ ਸਿੰਘ ਦਾ ਚਾਰ ਮਰਲੇ ਦਾ ਇੱਕ ਮਕਾਨ ਅਤੇ ਅਜੇ ਪਾਲ ਦਾ ਇੱਕ ਘਰ, ਇੱਕ ਦੁਕਾਨ, ਬੈਂਕੁਅਟ ਹਾਲ ਅਤੇ 20 ਮਰਲੇ ਵਿੱਚ ਬਣਿਆ ਇੱਕ ਹੋਰ ਮਕਾਨ ਸ਼ਾਮਲ ਹੈ। ਇਸ ਵਿੱਚ ਅਜੇਪਾਲ ਸਿੰਘ ਦੀ ਲਗਪਗ 37 ਕਰੋੜ 66 ਲੱਖ ਰੁਪਏ ਦੀ ਜਾਇਦਾਦ ਅਤੇ ਜਤਿਨ ਸਿੰਘ ਦੀ ਪੰਜ ਲੱਖ 85 ਹਜ਼ਾਰ ਰੁਪਏ ਮੁੱਲ ਦੀ ਜਾਇਦਾਦ ਸ਼ਾਮਲ ਹੈ।