ਘੱਗਰ ਦੇ ਕਿਨਾਰੇ ਤੋਂ 360 ਲਿਟਰ ਲਾਹਣ ਬਰਾਮਦ
ਪੱਤਰ ਪ੍ਰੇਰਕ
ਸਮਾਣਾ, 10 ਜਨਵਰੀ
ਸਦਰ ਪੁਲੀਸ ਨੇ ਘੱਗਰ ਦਰਿਆ ਕੰਢੇ ਦੋ ਘਾਟਾਂ ਸਮੇਤ ਤਿੰਨ ਥਾਵਾਂ ’ਤੇ ਛਾਪਾ ਮਾਰ ਕੇ 390 ਲਿਟਰ ਲਾਹਣ ਬਰਾਮਦ ਕਰਨ ਮਗਰੋਂ ਵੱਖ-ਵੱਖ ਤਿੰਨ ਕੇਸ ਦਰਜ ਕੀਤੇ ਹਨ। ਮਾਮਲੇ ਦੇ ਸਾਰੇ ਮੁਲਜ਼ਮ ਫਰਾਰ ਹਨ। ਸਦਰ ਪੁਲੀਸ ਮੁਖੀ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮਵੀ ਪੁਲੀਸ ਚੌਕੀ ਦੇ ਏਐਸਆਈ ਪਰਮਿੰਦਰ ਸਿੰਘ ਨੇ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਸੰਗਤ ਸਿੰਘ ਵਾਸੀ ਪਿੰਡ ਮਰੋੜੀ ਵੱਲੋਂ ਨਾਜਾਇਜ਼ ਸ਼ਰਾਬ ਬਣਾ ਕੇ ਵੇਚਣ ਸੰਬਧੀ ਮਿਲੀ ਸੂਚਨਾ ’ਤੇ ਪਿੰਡ ਨਜ਼ਦੀਕ ਘੱਗਰ ਦਰਿਆ ਦੇ ਕੁਮਾਰ ਘਾਟ ’ਤੇ ਛਾਪਾ ਮਾਰ ਕੇ 110 ਲਿਟਰ ਲਾਹਣ ਬਰਾਮਦ ਕੀਤੀ। ਇਕ ਹੋਰ ਮਾਮਲੇ ’ਚ ਸਦਰ ਪੁਲੀਸ ਦੇ ਏਐੱਸਆਈ ਲਾਭ ਸਿੰਘ ਨੇ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਡੇਰਾ ਫਤਿਹਮਾਜਰੀ ਵਾਸੀ ਹਰਪ੍ਰੀਤ ਸਿੰਘ ਵੱਲੋਂ ਨਾਜਾਇਜ਼ ਸ਼ਰਾਬ ਬਣਾ ਕੇ ਵੇਚਣ ਸੰਬਧੀ ਮਿਲੀ ਸੂਚਨਾ ’ਤੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ 140 ਲਿਟਰ ਲਾਹਣ ਬਰਾਮਦ ਕੀਤੀ। ਇਸੇ ਤਰ੍ਹਾਂ ਏਐੱਸਆਈ ਸਤਪਾਲ ਸਿੰਘ ਨੇ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਮਿਲੀ ਸੂਚਨਾ ’ਤੇ ਬੇੜੀ ਘਾਟ ਘੱਗਰ ਦਰਿਆ ’ਤੇ ਛਾਪਾ ਮਾਰ ਕੇ ਜਿੰਦਰ ਸਿੰਘ ਵਾਸੀ ਪਿੰਡ ਮਰੋੜੀ ਵੱਲੋਂ ਸ਼ਰਾਬ ਤਿਆਰ ਕਰਨ ਲਈ ਰੱਖੀ 140 ਲਿਟਰ ਲਾਹਣ ਬਰਾਮਦ ਕੀਤੀ। ਅਧਿਕਾਰੀ ਅਨੁਸਾਰ ਪੁਲੀਸ ਨੇ ਐਕਸਾਈਜ਼ ਐਕਟ ਦੀਆਂ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।