For the best experience, open
https://m.punjabitribuneonline.com
on your mobile browser.
Advertisement

ਤੀਜੀ ਵਾਰ ਵੀ ਨਿਲਾਮ ਨਾ ਹੋ ਸਕੇ 36 ਠੇਕੇ

07:02 AM Mar 24, 2024 IST
ਤੀਜੀ ਵਾਰ ਵੀ ਨਿਲਾਮ ਨਾ ਹੋ ਸਕੇ 36 ਠੇਕੇ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਾਰਚ
ਪੰਜਾਬ ਦੀ ਨਵੀਂ ਕਰ ਤੇ ਆਬਕਾਰੀ ਨੀਤੀ ਦਾ ਸੇਕ ਇਸ ਸਾਲ ਵੀ ਚੰਡੀਗੜ੍ਹ ਨੂੰ ਲੱਗ ਰਿਹਾ ਹੈ। ਪੰਜਾਬ ਦੀ ਸ਼ਰਾਬ ਨੀਤੀ ਕਰ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਖ਼ਰੀਦਦਾਰ ਹੀ ਮਿਲ ਨਹੀਂ ਰਹੇ ਹਨ। ਅੱਜ ਚੰਡੀਗੜ੍ਹ ਵਿੱਚ ਰਹਿੰਦੇ 36 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੀਜੀ ਵਾਰ ਸੱਦੀ ਗਈ ਸੀ, ਪਰ ਤੀਜੀ ਵਾਰ ਨਿਲਾਮੀ ਵੀ ਸਿਰੇ ਨਹੀਂ ਚੜ੍ਹ ਸਕੀ ਹੈ। ਇਸ ਦਾ ਕਾਰਨ ਚੋਣ ਕਮਿਸ਼ਨ ਵੱਲੋਂ ਠੇਕਿਆਂ ਦੀ ਨਿਲਾਮੀ ਦੀ ਪ੍ਰਵਾਨਗੀ ਨਾ ਮਿਲਣਾ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਵੱਲੋਂ ਰਹਿੰਦੇ 36 ਠੇਕਿਆਂ ਦੀ ਨਿਲਾਮੀ ਲਈ ਤੀਜੀ ਵਾਰ ਨਿਲਾਮੀ ਰੱਖੀ ਗਈ ਸੀ। ਇਸ ਲਈ 6 ਖ਼ਰੀਦਦਾਰ ਸਾਹਮਣੇ ਆਏ ਸਨ। ਅੱਜ ਵਿਭਾਗ ਨੇ ਠੇਕਿਆਂ ਦੀ ਵਿੱਤੀ ਰਿਪੋਰਟ ਖੋਲ੍ਹਣੀ ਸੀ ਪਰ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਨਾ ਮਿਲਣ ਕਰ ਕੇ ਇਹ ਨਿਲਾਮੀ ਵਿਚਕਾਰ ਹੀ ਅਟਕ ਗਈ ਹੈ। ਯੂਟੀ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਤੋਂ ਠੇਕਿਆਂ ਦੀ ਨਿਲਾਮੀ ਲਈ ਪ੍ਰਵਾਨਗੀ ਮੰਗੀ ਗਈ ਹੈ, ਪ੍ਰਵਾਨਗੀ ਆਉਣ ਤੋਂ ਬਾਅਦ ਹੀ ਨਿਲਾਮੀ ਕੀਤੀ ਜਾ ਸਕੇਗੀ।
ਜ਼ਿਕਰਯੋਗ ਹੈ ਕਿ ਕਰ ਤੇ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਵਿੱਚ 97 ਠੇਕਿਆਂ ਦੀ ਨਿਲਾਮੀ ਲਈ ਦੋ ਵਾਰ ਨਿਲਾਮੀ ਰੱਖੀ ਗਈ ਹੈ। ਇਸ ਦੌਰਾਨ ਕਰ ਤੇ ਆਬਕਾਰੀ ਵਿਭਾਗ ਸਿਰਫ਼ 61 ਸ਼ਰਾਬ ਦੇ ਠੇਕੇ ਹੀ ਨਿਲਾਮ ਕਰ ਸਕਿਆ ਹੈ। ਹਾਲਾਂਕਿ ਰਹਿੰਦੇ 36 ਸ਼ਰਾਬ ਦੇ ਠੇਕਿਆਂ ਦੀ ਖ਼ਰੀਦ ਲਈ ਵੀ ਸਿਰਫ਼ 6 ਖ਼ਰੀਦਦਾਰ ਹੀ ਸਾਹਮਣੇ ਆਏ ਹਨ। ਇਸ ਤੋਂ ਸਾਫ਼ ਹੈ ਕਿ ਵਿਭਾਗ ਨੂੰ ਚੌਥੀ ਵਾਰ ਵੀ ਨਿਲਾਮੀ ਕਰਵਾਉਣੀ ਪਵੇਗੀ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਨਵੀਂ ਆਬਕਾਰੀ ਨੀਤੀ 1 ਅਪਰੈਲ 2024 ਤੋਂ ਲਾਗੂ ਹੋਵੇਗੀ, ਜੇ ਉੱਦੋਂ ਤੱਕ ਸ਼ਰਾਬ ਦੇ ਸਾਰੇ ਠੇਕਿਆਂ ਦੀ ਨਿਲਾਮੀ ਨਹੀਂ ਹੁੰਦੀ ਤਾਂ ਪਿਛਲੇ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਵਿਭਾਗ ਨੂੰ ਠੇਕਿਆਂ ਦੀ ਰਾਖਵੀਂ ਕੀਮਤ ਵਿੱਚ ਕਟੌਤੀ ਕਰਨੀ ਪਵੇਗੀ। ਦੂਜੇ ਪਾਸੇ, ਯੂਟੀ ਪ੍ਰਸ਼ਾਸਨ ਵੱਲੋਂ ਨਿਲਾਮ ਨਾ ਹੋਣ ਵਾਲੇ ਠੇਕਿਆਂ ਨੂੰ ਸਿਟਕੋ ਰਾਹੀਂ ਚਲਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉੱਧਰ ਯੂਟੀ ਪ੍ਰਸ਼ਾਸਨ ਵੱਲੋਂ ਆਬਕਾਰੀ ਤੋਂ 700 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ ਹੈ।

Advertisement

ਪਿਛਲੇ ਵਰ੍ਹੇ ਵੀ 18 ਠੇਕੇ ਨਹੀਂ ਹੋ ਸਕੇ ਸਨ ਨਿਲਾਮ

ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਪਿਛਲੇ ਵਰ੍ਹੇ ਵੀ ਸਾਰੇ ਠੇਕੇ ਨਿਲਾਮ ਨਾ ਹੋਣ ਕਰ ਕੇ ਵਿੱਤੀ ਨੁਕਸਾਨ ਝੱਲਣਾ ਪਿਆ ਸੀ। ਪਿਛਲੇ ਸਾਲ ਯੂਟੀ ਪ੍ਰਸ਼ਾਸਨ 95 ਵਿੱਚੋਂ ਸਿਰਫ਼ 77 ਠੇਕੇ ਹੀ ਨਿਲਾਮ ਕਰ ਸਕਿਆ ਸੀ ਤੇ 18 ਠੇਕੇ ਸਾਰਾ ਸਾਲ ਨਿਲਾਮ ਨਹੀਂ ਸਨ ਹੋ ਸਕੇ। ਸਾਰੇ ਠੇਕੇ ਨਿਲਾਮ ਨਾ ਹੋਣ ਕਰ ਕੇ ਯੂਟੀ ਪ੍ਰਸ਼ਾਸਨ ਨੂੰ ਵਿੱਤ ਵਰ੍ਹੇ 2023-24 ਵਿੱਚ 250 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪਿਆ ਸੀ।

Advertisement
Author Image

sanam grng

View all posts

Advertisement
Advertisement
×