ਸਤਲੁਜ ਦਰਿਆ ਦੇ ਕੰਢੇ ਤੋਂ 35 ਹਜ਼ਾਰ ਲਿਟਰ ਲਾਹਣ ਬਰਾਮਦ
ਗਗਨਦੀਪ ਅਰੋੜਾ
ਲੁਧਿਆਣਾ, 13 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਸ਼ਾ ਤਸਕਰਾਂ ਖ਼ਿਲਾਫ਼ ਵਰਤੀ ਜਾ ਰਹੀ ਸਖ਼ਤੀ ਤਹਿਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਿਨਹਾ ਦੇ ਹੁਕਮਾਂ ’ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਸ਼ਰਾਬ ਕੱਢ ਰਹੀਆਂ 2 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਦੋਵੇਂ ਔਰਤਾਂ ਸਤਲੁਜ ਦਰਿਆ ਕਿਨਾਰੇ ਸ਼ਰਾਬ ਬਣਾਉਣ ਦਾ ਕਾਰੋਬਾਰ ਕਰਦੀਆਂ ਸਨ, ਜਿਨ੍ਹਾਂ ਦੇ ਕਬਜ਼ੇ ’ਚੋਂ ਵਿਭਾਗ ਦੀ ਟੀਮ ਨੇ 35 ਹਜ਼ਾਰ ਲਿਟਰ ਲਾਹਣ ਦੇ ਨਾਲ ਨਾਲ 59 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਟੀਮ ਅਨੁਸਾਰ ਲੁਧਿਆਣਾ ਪੁਲੀਸ ਦੇ ਨਾਲ ਤਾਲਮੇਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੀ ਟੀਮ ਇਲਾਕੇ ’ਚ ਗਸ਼ਤ ਕਰ ਰਹੀ ਸੀ, ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਦੋਵੇਂ ਔਰਤਾਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੀਆਂ ਹਨ। ਇਸ ਤੋਂ ਬਾਅਦ ਪੁਲੀਸ ਨੇ ਉਥੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਿਸ ਥਾਂ ਬਾਰੇ ਐਕਸਾਈਜ਼ ਵਿਭਾਗ ਨੂੰ ਸੂਚਨਾ ਮਿਲੀ ਸੀ, ਉਥੇ ਨਹਿਰ ਕਿਨਾਰੇ ਜ਼ਮੀਨ ਦੇ ਥੱਲੇ ਗੱਢ ਕੇ ਰੱਖੀ ਲਾਹਣ ਪੁਲੀਸ ਨੇ ਬਰਾਮਦ ਕਰ ਲਿਆ। ਐਡੀਸ਼ਨਲ ਕਮਿਸ਼ਨਰ ਐਕਸਾਈਜ਼ ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ ਤੇ ਬਲਕਰਨ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਨੇ ਸਥਾਨਕ ਸਿੱਧਵਾਂ ਬੇਟ ਪੁਲੀਸ ਦੇ ਨਾਲ ਮਿਲ ਕੇ ਸ਼ੇਰੇਵਾਲਾ ਅਤੇ ਵਲੀਪੁਰ ਖੁਰਦ ’ਚ ਛਾਪੇਮਾਰੀ ਕਰ 35 ਹਜ਼ਾਰ ਲਿਟਰ ਲਾਹਣ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਟੀਮ ਨੇ ਸ਼ੇਰੇਵਾਲਾ ਦੀ ਮਨਦੀਪ ਕੌਰ ਤੇ ਬਿਮਲ ਬਾਈ ਨਾਮਕ ਉਕਤ ਔਰਤਾਂ ਤੋਂ 59 ਬੋਤਲਾਂ ਸ਼ਰਾਬ ਵੀ ਬਰਾਮਦ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਟੀਮ ਨੇ ਲਾਹਣ ਮੌਕੇ ’ਤੇ ਨਸ਼ਟ ਕਰਵਾ ਕੇ ਦੋਵਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਨਾਜਾਇਜ਼ ਸ਼ਰਾਬ ਸਮੇਤ ਤਿੰਨ ਕਾਬੂ
ਜਗਰਾਉਂ (ਪੱਤਰ ਪ੍ਰੇਰਕ): ਪੁਲੀਸ ਨੇ ਵੱਖ ਵੱਖ ਥਾਵਾਂ ਤੋਂ 99 ਬੋਤਲਾਂ ਸ਼ਰਾਬ ਬਰਾਮਦ ਕਰਕੇ ਦੋ ਔਰਤਾਂ ਸਮੇਤ ਤਿੰਨ ਖਿਲਾਫ ਕੇਸ ਦਰਜ ਕੀਤਾ ਹੈ। ਪੁਲੀਸ ਚੌਕੀ ਬੱਸ ਸਟੈਂਡ ਦੇ ਏਐੱਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਨਵੀਂ ਦਾਣਾ ਮੰਡੀ ਲੰਡੇ ਫਾਟਕਾਂ ਤੋਂ ਰਾਜਦੀਪ ਸਿੰਘ ਵਾਸੀ ਮੁਹੱਲਾ ਮੁਕੰਦਪੁਰੀ (ਜਗਰਾਉਂ) ਨੂੰ ਕਾਬੂ ਕਰਕੇ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦੀ ਕੀਤੀ ਹੈ। ਥਾਣਾ ਸਿੱਧਵਾਂ ਬੇਟ ਦੇ ਏਐੱਸਆਈ ਬੇਅੰਤ ਸਿੰਘ ਨੇ ਮਨਦੀਪ ਕੌਰ ਉਰਫ ਮਾਣੀ ਵਾਸੀ ਸ਼ੇਰੇਵਾਲ ਨੂੰ ਉਸ ਦੇ ਪਿੰਡ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ, ਜਿਸ ਕੋਲੋਂ 50 ਬੋਤਲਾਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਸਿੱਧਵਾਂ ਬੇਟ ਦੇ ਏਐੱਸਆਈ ਬੇਅੰਤ ਸਿੰਘ ਨੇ ਬਿਮਲਾ ਕੌਰ ਵਾਸੀ ਸ਼ੇਰੇਵਾਲ ਨੂੰ ਛਾਪਾ ਮਾਰ ਕੇ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।