ਸਿਹਤ ਕੇਂਦਰ ਵਿੱਚ 35 ਲੱਖ ਦਾ ਘਪਲਾ
ਪੱਤਰ ਪ੍ਰੇਰਕ
ਤਰਨ ਤਾਰਨ, 14 ਨਵੰਬਰ
ਕਈ ਸਾਲਾਂ ਤੋਂ ਸਮੂਹਿਕ ਸਿਹਤ ਕੇਂਦਰ (ਪੀਐੱਚਸੀ) ਮੀਆਂਵਿੰਡ ਦੇ ਸੀਨੀਅਰ ਸਹਾਇਕ ਅਤੇ ਦਰਜਾ ਚਾਰ ਮੁਲਾਜ਼ਮ ਵੱਲੋਂ ਸਿਹਤ ਕੇਂਦਰ ਦੇ ਹੋਰਨਾਂ ਮੁਲਾਜ਼ਮਾਂ ਨਾਲ ਮਿਲ ਕੇ 35 ਲੱਖ ਰੁਪਏ ਦੇ ਕਰੀਬ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਹਤ ਵਿਭਾਗ ਨੇ ਸੀਨੀਅਰ ਸਹਾਇਕ ਰਵਿੰਦਰਪਾਲ ਸਿੰਘ ਅਤੇ ਦਰਜਾ ਚਾਰ ਬਲਕਾਰ ਸਿੰਘ ਖ਼ਿਲਾਫ਼ ਕੀਤੀ ਪੜਤਾਲ ਕਾਫ਼ੀ ਚਿਰ ਪਹਿਲਾਂ ਪੁਲੀਸ ਨੂੰ ਫੌਜਦਾਰੀ ਕੇਸ ਕਰਨ ਲਈ ਭੇਜੀ ਹੋਈ ਸੀ ਜਿਸ ’ਤੇ ਵੈਰੋਵਾਲ ਪੁਲੀਸ ਨੇ ਬੀਤੇ ਕੱਲ੍ਹ ਉਕਤ ਦੋਵਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਘਪਲਾ ਦਸੰਬਰ 2020 ਤੋਂ ਸ਼ੁਰੂ ਹੋਇਆ ਤੇ ਇਸ ਸਾਲ ਮਈ ਮਹੀਨੇ ਤੱਕ ਜਾਰੀ ਰਿਹਾ| ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਅੱਜ ਇੱਥੇ ਦੱਸਿਆ ਕਿ ਮੁਲਾਜ਼ਮਾਂ ਨੇ ਸਿਹਤ ਕੇਂਦਰ ਦੇ 9 ਮੁਲਾਜ਼ਮਾਂ ਦੇ ਨਿੱਜੀ ਖਾਤਿਆਂ ’ਚੋਂ ਉਨ੍ਹਾਂ ਵਲੋਂ ਜੀਪੀਐਫ਼ ਦੀ ਜਮ੍ਹਾਂ ਕਰਵਾਈ ਰਾਸ਼ੀ ਅਤੇ ਉਨ੍ਹਾਂ ਦੇ ਤਨਖਾਹਾਂ ਦੇ ਬਕਾਇਆ ਆਦਿ ਦੀ ਰਾਸ਼ੀ ਆਪਣੇ ਖਾਤਿਆਂ ਵਿੱਚ ਜਾਰੀ ਕਰਵਾਈ ਹੈ| ਪੀੜਤ ਮੁਲਾਜ਼ਮਾਂ ਨੂੰ ਇਸ ਘਪਲੇ ਦਾ ਬਹੁਤ ਚਿਰ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਰ ਮੁਲਜ਼ਮਾਂ ਨੇ ਆਪਣੀ ਪਹੁੰਚ ਕਰਕੇ ਉਨ੍ਹਾਂ ਨੂੰ ਨਿਆਂ ਲੈਣ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਿਸ ਕਰਕੇ ਉਨ੍ਹਾਂ ਦੀ ਸੁਣਵਾਈ ਨਹੀਂ ਸੀ ਹੋ ਰਹੀ। ਪੁਲੀਸ ਨੇ ਦੱਸਿਆ ਕਿ 35 ਲੱਖ ਰੁਪਏ ’ਚੋਂ ਰਵਿੰਦਰਪਾਲ ਸਿੰਘ ਆਪਣੇ ਖਾਤੇ ਵਿੱਚ 19 ਲੱਖ ਰੁਪਏ ਅਤੇ ਬਲਕਾਰ ਸਿੰਘ ਤੇ ਖਾਤੇ ’ਚ 16.50 ਲੱਖ ਰੁਪਏ ਜਾਰੀ ਕਰਵਾਏ ਹਨ| ਰਵਿੰਦਰਪਾਲ ਸਿੰਘ ਨੂੰ ਸੇਵਾਵਾਂ ਤੋਂ ਪਹਿਲਾਂ ਦਾ ਹੀ ਮੁਅੱਤਲ ਕੀਤਾ ਹੋਇਆ ਹੈ| ਪੁਲੀਸ ਅਧਿਕਾਰੀ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।