ਲੁਧਿਆਣਾ ਦੇ 35 ਸਰਕਾਰੀ ਪ੍ਰਾਇਮਰੀ ਸਕੂਲ ਬਣਨਗੇ ‘ਸਕੂਲ ਆਫ ਹੈਪੀਨੈੱਸ’
ਸਤਵਿੰਦਰ ਬਸਰਾ
ਲੁਧਿਆਣਾ, 22 ਸਤੰਬਰ
ਸਰਕਾਰੀ ਸਕੂਲਾਂ ਦੀ ਲੋਕਾਂ ਵਿੱਚ ਵਧੀਆ ਛਾਪ ਬਣਾਉਣ ਅਤੇ ਗਰੀਬ ਬੱਚਿਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਦੇਣ ਲਈ ਲੁਧਿਆਣਾ ਦੇ ਕਈ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈੱਸ’ ਬਣਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚੋਂ 35 ਦੇ ਕਰੀਬ ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਨੂੰ ਪ੍ਰਤੀ ਸਕੂਲ 40 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਲੁਧਿਆਣਾ ਦੇ ਬਲਾਕ ਮਾਂਗਟ-1 ਵਿੱਚ ਤਿੰਨ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈਸ’ ਬਣਾਇਆ ਜਾ ਰਿਹਾ ਹੈ। ਸਨਅਤੀ ਸ਼ਹਿਰ ਦੇ 19 ਬਲਾਕਾਂ ਵਿੱਚ ਸੈਂਕੜੇ ਸਰਕਾਰੀ ਪ੍ਰਾਇਮਰੀ ਸਕੂਲ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ ਹਜ਼ਾਰਾਂ ਗਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕਈ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈਸ’ ਤਹਿਤ ਅਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ‘ਸਕੂਲ ਆਫ ਹੈਪੀਨੈਸ’ ਨਾਂ ਹੇਠ ਪ੍ਰਤੀ ਸਕੂਲ ਨੂੰ ਕਰੀਬ 40 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਗ੍ਰਾਂਟ ਨਾਲ ਸਕੂਲ ਵਿੱਚ ਵਧੀਆ ਇਮਾਰਤ, ਸਮਾਰਟ ਕਲਾਸਾਂ, ਫਰਨੀਚਰ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ 35 ਦੇ ਕਰੀਬ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈੱਸ’ ਬਣਾਇਆ ਜਾ ਰਿਹਾ ਹੈ। ਇੰਨਾਂ ਵਿੱਚੋਂ ਬਲਾਕ ਮਾਂਗਟ-1 ਦੇ ਤਿੰਨ ਸਕੂਲ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਕਾਸਾਬਾਦ ਦੇ ਖਸਤਾ ਹਾਲਤ ਦੋ ਕਮਰਿਆਂ ਨੂੰ ਢਾਹ ਕੇ ਨਵੇਂ ਬਣਾਏ ਜਾ ਰਹੇ ਹਨ। ਸੁਣਨ ਵਿੱਚ ਆਇਆ ਹੈ ਕਿ ਇਹ ਕਮਰੇ ਕਰੀਬ 50 ਸਾਲ ਪੁਰਾਣੇ ਸਨ ਅਤੇ ਇਨ੍ਹਾਂ ਨੂੰ ਅਣ ਸੁਰੱਖਿਅਤ ਐਲਾਨ ਦਿੱਤਾ ਗਿਆ ਸੀ। ਇਸ ਸਕੂਲ ਵਿੱਚ 300 ਦੇ ਕਰੀਬ ਬੱਚੇ ਪੜ੍ਹਦੇ ਹਨ। ਇਸ ਸਕੂਲ ਨੂੰ 40 ਲੱਖ 40 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਦੋ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੂਹੜਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਬੇਟ ਆਦਿ ਦੇ ਨਾਂ ਸ਼ਾਮਿਲ ਹਨ। ਇਹ ਵੀ ਪਤਾ ਲੱਗਾ ਹੈ ਕਿ ਜ਼ਿਲ੍ਹੇ ਦੇ ਜਿਨ੍ਹਾਂ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈੱਸ’ ਬਣਾਇਆ ਜਾ ਰਿਹਾ ਹੈ, ਉਨ੍ਹਾਂ ਦੇ ਮੁਖੀਆਂ ਦੀ ਡੀਈਓ ਪ੍ਰਾਇਮਰੀ ਵੱਲੋਂ ਸੋਮਵਾਰ ਨੂੰ ਮੀਟਿੰਗ ਲਈ ਜਾ ਰਹੀ ਹੈ।
ਬੀਪੀਈਓ ਮਾਂਗਟ-1 ਵਿੱਚ ਬਣ ਰਹੇ ਹਨ ਤਿੰਨ ਸਕੂਲ
ਬੀਪੀਈਓ ਮਾਂਗਟ-1 ਰਮਨਜੀਤ ਸੰਧੂ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਬਣ ਰਹੇ ਸਕੂਲਾਂ ਦੀ ਗਿਣਤੀ ਬਾਰੇ ਤਾਂ ਉਨ੍ਹਾਂ ਨੂੰ ਪਤਾ ਨਹੀਂ ਪਰ ਉਨ੍ਹਾਂ ਦੇ ਬਲਾਕ ਵਿੱਚ ਤਿੰਨ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈੱਸ’ ਬਣਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕਾਸਾਬਾਦ ਦੇ ਸਕੂਲ ਨੂੰ ਕੁੱਲ 40 ਲੱਖ 40 ਹਜ਼ਾਰ ਰੁਪਏ ਦੇ ਕਰੀਬ ਗ੍ਰਾਂਟ ਦਿੱਤੀ ਜਾਵੇਗੀ।