ਹਰਿਆਣਾ ਦੇ ਰਾਜਪਾਲ ਵੱਲੋਂ 335 ਬੱਚਿਆਂ ਦਾ ਸਨਮਾਨ
ਪੀ.ਪੀ. ਵਰਮਾ
ਪੰਚਕੂਲਾ, 12 ਜੂਨ
ਹਰਿਆਣਾ ਦੇ ਰਾਜਪਾਲ ਅਤੇ ਹਰਿਆਣਾ ਰਾਜ ਬਾਲ ਭਲਾਈ ਕੌਂਸਲ ਦੇ ਪ੍ਰਧਾਨ ਬੰਡਾਰੂ ਦਤਾਤ੍ਰੇਅ ਨੇ ਅੱਜ ਆਪਣੇ ਜਨਮ ਦਿਨ ਮੌਕੇ ਹਰਿਆਣਾ ਰਾਜ ਬਾਲ ਭਲਾਈ ਕੌਂਸਲ ਦੇ ਇਕ ਸਮਾਰੋਹ ਦੌਰਾਨ 335 ਬੱਚਿਆਂ ਦਾ ਸਨਮਾਨ ਕੀਤਾ। ਸਨਮਾਨਿਤ ਕੀਤੇ ਗਏ ਇਹ ਬੱਚੇ ਰਾਜ ਪੱਧਰ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਆਏ ਸਨ। ਰਾਜਪਾਲ ਨੇ ਅੱਜ ਆਪਣੇ 76ਵੇਂ ਜਨਮ ਦਿਨ ਮੌਕੇ ਪਹਿਲਾਂ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਵੀ ਟੇਕਿਆ।
ਸਮਾਰੋਹ ਦੌਰਾਨ ਹਰਿਆਣਾ ਰਾਜ ਬਾਲ ਭਲਾਈ ਕੌਂਸਲ ਦੀ ਆਨਰੇਰੀ ਜਨਰਲ ਸਕੱਤਰ ਰਣਜੀਤਾ ਮਹਿਤਾ ਨੇ ਆਪਣੇ ਰਸ਼ਮੀ ਭਾਸ਼ਣ ਰਾਹੀਂ ਰਾਜਪਾਲ ਦਾ ਸਵਾਗਤ ਕੀਤਾ ਅਤੇ ਬਾਲ ਭਲਾਈ ਕੌਂਸਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਰੂਪਰੇਖਾ ਦੱਸੀ। ਬੀਬੀ ਰਣਜੀਤਾ ਮਹਿਤਾ ਨੇ ਸਮਾਰੋਹ ਵਿੱਚ ਰਾਜਪਾਲ ਬੰਡਾਰੂ ਦਤਾਤ੍ਰੇਅ ਨੂੰ ਇੱਕ ਤਸਵੀਰ ਵੀ ਭੇਟ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕੀਤੀ। ਹਰਿਆਣਾ ਦੇ ਰਾਜਪਾਲ ਨੇ ਕੌਂਸਲ ਵੱਲੋਂ ‘ਕੌਫੀ ਟੇਬਲ ਬੁੱਕ’ ਵੀ ਰਿਲੀਜ਼ ਕੀਤੀ। ਇਸ ਕਿਤਾਬ ਵਿੱਚ ਕੌਂਸਲ ਦੇ ਕੰਮਾਂ ਦਾ ਜ਼ਿਕਰ ਕੀਤਾ ਹੋਇਆ ਹੈ। ਇਸ ਮੌਕੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ, ਸ਼ਿਵਾਲਿਕ ਵਿਕਾਸ ਬੋਰਡ ਦੇ ਮੀਤ ਪ੍ਰਧਾਨ ਓਮ ਪ੍ਰਕਾਸ਼ ਦੇਵੀਨਗਰ, ਆਈਟੀਬੀਪੀ ਦੇ ਇੰਸਪੈਕਟਰ ਜਨਰਲ ਈਸ਼ਵਰ ਸਿੰਘ ਦੂਹਨ ਅਤੇ ਕਈ ਸਥਾਨਕ ਅਧਿਕਾਰੀ ਇਸ ਸਮਾਰੋਹ ਵਿੱਚ ਸ਼ਾਮਲ ਹੋਏ।