ਭੋਗਪੁਰ ਬਲਾਕ ਦਫ਼ਤਰ ’ਚ 33 ਅਸਾਮੀਆਂ ਖਾਲੀ
ਬਲਵਿੰਦਰ ਸਿੰੰਘ ਭੰਗੂ
ਭੋਗਪੁਰ, 22 ਅਗਸਤ
ਬਲਾਕ ਭੋਗਪੁਰ ਦੇ ਸਥਾਨਕ ਕਾਂਗਰਸੀ ਆਗੂਆਂ ਦੀ ਗੁੱਟਬੰਦੀ ਕਰਕੇ ਬੀਡੀਪੀਓ ਰਾਮ ਲੁਭਾਇਆ ਦੀ ਬਦਲੀ ਨਾਲ ਜਿੱਥੇ ਕਾਂਗਰਸੀ ਆਗੂਆਂ ਦਾ ਆਪਸੀ ਤਾਲਮੇਲ ਤਾਂ ਖਤਮ ਹੋਇਆ ਹੈ ਉੱਥੇ ਪ੍ਰਸ਼ਾਸਕੀ ਕੰਮ ਵੀ ਠੱਪ ਹੋ ਗਏ ਹਨ। ਬਲਾਕ ਵਿੱਚ ਵੱਖ-ਵੱਖ ਵਰਗ ਦੀਆਂ ਕੁੱਲ 45 ਅਸਾਮੀਆਂ ਵਿੱਚੋਂ 33 ਖਾਲੀ ਹੋਣ ਕਰਕੇ ਇਲਾਕੇ ਦੀਆਂ 83 ਪਿੰਡਾਂ ਦੀਆਂ ਪੰਚਾਇਤਾਂ ਦੇ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ। ਬਲਾਕ ’ਚ ਬੀਡੀਪੀਓ, ਪੀਓ, ਟੈਕਸ ਕੁਲੈਕਟਰ ਦੀ ਇੱਕ-ਇੱਕ, ਵੀਡੀਓ ਦੀਆਂ 9, ਕਲਰਕ ਦੀਆਂ 2, ਪੰਚਾਇਤ ਸਕੱਤਰਾਂ ਦੀਆਂ 10, ਸਿਲਾਈ ਟੀਚਰ ਦੀਆਂ 3 ਤੋਂ ਇਲਾਵਾ ਚੌਕੀਦਾਰ, ਐੱਸ.ਈ.ਪੀ.ਓ., ਲੇਖਾਕਾਰ, ਅਕਾਊਂਟ ਕਲਰਕ, ਸਟੈਨੋ ਅਤੇ ਸੇਵਾਦਾਰ ਦੀ ਇੱਕ-ਇੱਕ ਅਸਾਮੀ ਖਾਲੀ ਪਈ ਹੈ।
ਇਸੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਸਰਕਲ ਪਚਰੰਗਾ ਦੇ ਪ੍ਰਧਾਨ ਕਮਲਜੀਤ ਸਿੰਘ ਘੁੰਮਣ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਸਗਰਾਂਵਾਲੀ ਤੇ ਰਕੇਸ਼ ਮੱਟੂ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਗੁੱਟਬੰਦੀ ਨੇ ਬੀਡੀਪੀਓ ਰਾਮ ਲੁਭਾਇਆ ਦੀ ਬਦਲੀ ਤਾਂ ਕਰਵਾ ਦਿੱਤੀ ਅਤੇ ਬਲਾਕ ਵਿੱਚ ਮੁਲਾਜ਼ਮਾਂ ਦੀਆਂ ਅਸਾਮੀਆਂ ਭਰਨ ਵੱਲ ਧਿਆਨ ਨਹੀਂ ਦਿੱਤਾ।
ਸਾਰੇ ਬਲਾਕਾਂ ’ਚ ਮੁਲਾਜ਼ਮ ਘੱਟ: ਡੀਡੀਪੀਓ
ਡੀਡੀਪੀਓ ਜਲੰਧਰ ਇਕਬਾਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਸਰਕਾਰੀ ਮੁਲਾਜ਼ਮ ਘੱਟ ਹੋਣ ਕਰਕੇ ਪੰਚਾਇਤਾਂ ਦੇ ਕੰਮ ਪ੍ਰਭਾਵਤ ਹੋ ਰਹੇ ਹਨ। ਅਸਾਮੀਆਂ ਭਰਨ ਲਈ ਉੱਚ ਅਧਿਕਾਰੀਆਂ ਨੂੰ ਵਾਰ ਵਾਰ ਸੂਚਿਤ ਕੀਤਾ ਜਾਂਦਾ ਹੈ ਪਰ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲ ਰਿਹਾ।