ਕੈਂਪ ਦੌਰਾਨ 324 ਯੂਨਿਟ ਖੂਨ ਇਕੱਤਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਸਤੰਬਰ
ਹੈਲਪਰਜ਼ ਸੁਸਾਇਟੀ ਵੱਲੋਂ ਸਥਾਨਕ ਦੇਵੀ ਮੰਦਿਰ ਧਰਮਸ਼ਾਲਾ ਵਿਚ 51ਵਾਂ ਖੂਨ ਦਾਨ ਕੈਂਪ ਲਾਇਆ ਗਿਆ। ਇਸ ਦੀ ਸ਼ੁਰੂਆਤ ਉਦਯੋਗਪਤੀ ਤੇ ਸਮਾਜ ਸੇਵੀ ਯਸ਼ਪਾਲ ਵਧਵਾ, ਵਿਜੈ ਗਰਗ ਤੇ ਦੇਵੀ ਮੰਦਿਰ ਸਭਾ ਦੇ ਪ੍ਰਧਾਨ ਪਵਨ ਗਰਗ ਨੇ ਕੀਤੀ। ਸਮਾਜ ਸੇਵੀ ਵਿਜੈ ਗਰਗ ਸਰਾਫ ਨੇ ਹੈਲਪਰਜ਼ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਕੈਂਪ ਵਿੱਚ ਚੋਣ ਡਿਊਟੀ ’ਤੇ ਆਏ ਸੀਆਈਐੱਸਐਫ ਦੇ ਕਰੀਬ 50 ਜਵਾਨਾਂ ਨੇ ਖੂਨਦਾਨ ਕੀਤਾ। ਸੀਆਈਐੱਸਐਫ ਦੇ ਡੀਐੱਸਪੀ ਰੋਹਤਾਸ਼ ਸਿੰਘ, ਇੰਸਪੈਕਟਰ ਬਿਪਲਵ ਰਾਏ ਤੇ ਇੰਸਪੈਕਟਰ ਅਜੀਤ ਕੁਮਾਰ ਨੇ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਵੀ ਸਰੀਰਕ ਕਮਜ਼ੋਰੀ ਨਹੀਂ ਆਉਂਦੀ। ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸੁਸਾਇਟੀ ਦੇ ਚੇਅਰਮੈਨ ਡਾ. ਪ੍ਰਦੀਪ ਗੋਇਲ ਨੇ ਮੰਚ ਦਾ ਸੰਚਾਲਨ ਕਰਦਿਆਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਤਿਲਕ ਰਾਜ ਨੇ ਦੱਸਿਆ ਕਿ ਹੈਲਪਰਜ਼ ਕੈਂਪ ਵਿੱਚ ਚੰਡੀਗੜ੍ਹ ਸੈਕਟਰ-32 ਹਸਪਤਾਲ ਤੇ ਪੀਜੀਆਈ ਦੀਆਂ ਟੀਮਾਂ ਨੇ ਲਗਪਗ 324 ਯੂਨਿਟ ਖੂਨ ਇੱਕਠਾ ਕੀਤਾ। ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਸੀਤਾ ਰਾਮ ਬਤਰਾ, ਜੈ ਪਾਲ ਸਿੰਘ, ਨਰੇਸ਼ ਸੈਣੀ, ਮਾਸਟਰ ਨਰਿੰਦਰ ਸ਼ਰਮਾ, ਰਾਮ ਕ੍ਰਿਸ਼ਨ ਹਸੀਜਾ, ਪੂਰਨ ਸਿੰਘ, ਇਸ਼ਾ ਅਗਰਵਾਲ, ਸੰਜੈ ਹਸੀਜਾ ਤੇ ਹੋਰ ਹਾਜ਼ਰ ਸਨ।