‘ਦਿ ਟ੍ਰਿਬਿਊਨ ਲਾਈਫ ਸਟਾਈਲ ਐਵਾਰਡ’ ਨਾਲ 32 ਸ਼ਖ਼ਸੀਅਤਾਂ ਸਨਮਾਨਿਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਅਗਸਤ
ਦਿ ਟ੍ਰਿਬਿਊਨ ਗਰੁੱਪ ਵੱਲੋਂ ਲੁਧਿਆਣਾ ਸ਼ਹਿਰ ਵਿੱਚ ‘ਦਿ ਟ੍ਰਿਬਿਊਨ ਲਾਈਫ ਸਟਾਈਲ ਐਵਾਰਡ ਪੰਜਾਬ-2024’ ਨਾਂ ਹੇਠ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਕੰਮ ਕਰਨ ਵਾਲੀਆਂ 32 ਸ਼ਖ਼ਸੀਅਤਾਂ ਨੂੰ ‘ਦਿ ਟ੍ਰਿਬਿਊਨ ਲਾਈਫ ਸਟਾਈਲ ਐਵਾਰਡ ਪੰਜਾਬ-2024’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਸਿੱਖਿਆ, ਸਿਹਤ, ਵਪਾਰ, ਰਹਿਣ-ਸਹਿਣ ਸਣੇ ਵੱਖ-ਵੱਖ ਵਰਗਾਂ ਵਿੱਚ ਮਿਸਾਲੀ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ। ਸ੍ਰੀ ਬੈਂਸ ਨੇ ਦਿ ਟ੍ਰਿਬਿਊਨ ਗਰੁੱਪ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਦਾਰੇ ਦੀ ਇਸ ਪਹਿਲਕਦਮੀ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਲੋਕਾਂ ਨੂੰ ਵੀ ਵੱਖ-ਵੱਖ ਖੇਤਰਾਂ ਵਿੱਚ ਵੱਧ ਚੜ੍ਹ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਸਮਾਗਮ ਵਿੱਚ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਨੇ ਮੁੱਖ ਸਪੌਂਸਰ ਅਤੇ ਅੰਬੇ ਆਈ ਹਸਪਤਾਲ ਤੇ ਡੀਸੀਐੱਮ ਗਰੁੱਪ ਆਫ ਸਕੂਲ ਨੇ ਸਹਿ ਸਪੌਂਸਰ ਦੀ ਭੂਮਿਕਾ ਨਿਭਾਈ ਹੈ।
ਇਸ ਐਵਾਰਡ ਸ਼ੋਅ ਵਿੱਚ ਜੰਮੂ-ਕਸ਼ਮੀਰ ਦੇ ਪਿੰਡ ਬਿਜਬੇਹਰਾ ਦੇ ਕ੍ਰਿਕਟਰ ਆਮਿਰ ਹੁਸੈਨ ਨੂੰ ਖੇਡਾਂ ਦੇ ਖੇਤਰ ਵਿੱਚ ਮਿਸਾਲੀ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਆਮਿਰ ਨੇ ਸਾਲ 1997 ਵਿੱਚ 8 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਦੀ ਆਰਾ ਮਿੱਲ ਵਿੱਚ ਆਪਣਾ ਹੱਥ ਗਵਾ ਦਿੱਤਾ ਸੀ। ਇਸ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ। ਇਕ ਹੱਥ ਨਾ ਹੋਣ ਦੇ ਬਾਵਜੂਦ ਉਨ੍ਹਾਂ ਕ੍ਰਿਕਟ ਵਿੱਚ ਮਿਸਾਲੀ ਪ੍ਰਦਰਸ਼ਨ ਕੀਤਾ। ਇਸੇ ’ਤੇ ਆਮਿਰ ਨੂੰ ਜੰਮੂ-ਕਸ਼ਮੀਰ ਦੀ ਕ੍ਰਿਕਟ ਟੀਮ ਦਾ ਕਪਤਾਨ ਵੀ ਬਣਾਇਆ ਗਿਆ। ਉਨ੍ਹਾਂ ਸਾਲ 2024 ਵਿੱਚ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨਾਲ ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ (ਆਈਐੱਸਪੀਐੱਲ) ਵਿੱਚ ਮੈਚ ਖੇਡੇ। ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਡਾ. ਰਾਜਿੰਦਰ ਬਾਂਸਲ, ਡਾ. ਚਨਬੀਰ ਸਿੰਘ, ਸਾਹਿਲ ਅਰੋੜਾ, ਨਵੀਨ ਅਰੋੜਾ, ਅਕਸ਼ੈ ਕੁਮਾਰ ਸ਼ਰਮਾ, ਡਾ. ਐੱਚਐੱਸ ਧਾਲੀਵਾਲ, ਹਰਮੀਤ ਸਿੰਘ, ਡਾ. ਮਨਬੀਰ ਸਿੰਘ, ਸੁਨੀਲ ਨੰਦਾ, ਸੀਨੀਆ ਸ਼ਰਮਾ, ਸੰਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ, ਸਤਨਾਮ ਸਿੰਘ, ਡਾ. ਲਵ ਲੂਥਰਾ, ਅਮਨ ਸਿੰਗਲਾ, ਵਿਜੈ ਰਾਮ ਭਪੂਤੀ, ਬਾਬਾ ਅਨਹਿਦ ਰਾਜ ਸਿੰਘ, ਗਗਨਦੀਪ ਕੌਰ, ਕੰਵਰ ਅਰੋੜਾ, ਰਾਜਿੰਦਰ ਸਿੰਘ ਸ਼ੂਕਾ, ਅੰਸ਼ੂ ਕਟਾਰੀਆ, ਗੁਰਕੀਰਤ ਸਿੰਘ, ਡਾ. ਨਿਤਿਨ ਬਹਿਲ, ਡਾ. ਆਸ਼ੀਮਾ ਬਹਿਲ, ਡਾ. ਰਜਤ ਭਾਟੀਆ, ਰਜਨੀਸ਼ ਪਰਾਸ਼ਰ, ਗੁਰਦੀਪ ਸਿੰਘ, ਅਭਿਜੀਤ ਸਿੰਘ ਖਿੰਡਾ, ਤਨੁਜ ਗਰਗ, ਤੁਸ਼ਾਰ ਮਲਹੋਤਰਾ, ਸੁਸ਼ਮਾ ਸ਼ਰਮਾ, ਡਾ. ਮੋਹਿਤ ਮਹਾਜਨ, ਕਾਵਿਆ ਅਰੋੜਾ, ਡਾ. ਸਿੰਮੀ ਅਗਰਵਾਲ ਅਤੇ ਡਾ. ਅਨਿਰੁੱਧ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ ਹੈ।