ਅਮਰੀਕਾ ਭੇਜਣ ਦੇ ਨਾਂ ’ਤੇ 31.50 ਲੱਖ ਦੀ ਠੱਗੀ ਮਾਰੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਜੁਲਾਈ
ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨੇੜਲੇ ਪਿੰਡ ਲੇਰਲ ਖੁਰਦ ਦੇ ਵਸਨੀਕ ਸੁਖਬੀਰ ਸਿੰਘ ਪੁੱਤਰ ਪਿਲੂ ਸਿੰਘ ਨੇ ਐੱਸਐੱਸਪੀ ਸੰਗਰੂਰ ਨੂੰ ਸ਼ਿਕਾਇਤ ਕੀਤੀ ਹੈ ਕਿ ਕੁਝ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਅਮਰੀਕਾ ਭੇਜਣ ਦਾ ਸਬਜਬਾਜ਼ ਦਿਖਾ ਕੇ 31.50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਦੱਸਿਆ ਕਿ ਰਾਜਿੰਦਰ ਸਿੰਘ ਉਰਫ ਅਰਮਾਨ ਵਾਸੀ ਗੋਬਿੰਦਪੁਰਾ ਪਾਪੜਾ, ਦਲਜੀਤ ਸਿੰਘ ਉਰਫ ਦੁੱਲਾ ਵਾਸੀ ਪਿੰਡ ਢੇਰ ਹਰਿਆਣਾ, ਬਲਵਿੰਦਰ ਸਿੰਘ ਵਾਸੀ ਗਿਆਨੀ ਲਾਲ ਵਾਲੀ ਗਲੀ, ਪ੍ਰੇਮ ਨਗਰ, ਕੋਟਕਪੂਰਾ ਨੇ ਉਸ ਦੇ ਭਰਾ ਸਤਗੁਰ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਸੀ।
ਸਾਢੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਥਾਣਾ ਜੁਲਕਾਂ ਦੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਟਿਵਾਣਾ ਦੇ ਬਲਵੰਤ ਸਿੰਘ ਪੁੱਤਰ ਅਜੀਤ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਬੂਟਾ ਸਿੰਘ ਵਾਸੀ ਪਿੰਡ ਤਾਰਾਂਵਾਲੀ ਥਾਣਾ ਗੂਹਲਾ ਅਤੇ ਦੀਦਾਰ ਸਿੰਘ ਵਾਸੀ ਖਨੌਰੀ ਕਲਾਂ ਨੇ ਉਸ ਕੋਲੋਂ ਸਾਢੇ 15 ਲੱਖ ਰੁਪਏ ਲੈ ਲਏ। ਬਾਅਦ ਵਿੱਚ ਲੜਕੇ ਨੂੰ ਨਾ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ।