ਈਡੀ ਵੱਲੋਂ ਜੀਬੀਪੀਪੀਐੱਲ ਦੀ 305 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਹਰਜੀਤ ਸਿੰਘ
ਜ਼ੀਰਕਪੁਰ, 8 ਨਵੰਬਰ
ਲੋਕਾਂ ਨਾਲ ਠੱਗੀ ਮਾਰ ਕੇ ਵਿਦੇਸ਼ ਫ਼ਰਾਰ ਹੋਏ ਗੁਪਤਾ ਬਿਲਡਰ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੀਬੀਪੀਪੀਐੱਲ) ਦੀਆਂ ਜ਼ੀਰਕਪੁਰ ਸਥਿਤ ਦੋ ਪ੍ਰਾਪਰਟੀਆਂ ਨੂੰ ਈਡੀ ਨੇ ਜ਼ਬਤ ਕਰ ਲਿਆ ਹੈ ਅਤੇ ਕੰਪਨੀ ਖ਼ਿਲਾਫ਼ ਚਲ ਰਹੇ ਕੇਸ ਨਾਲ ਅਟੈਚ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਈਡੀ ਵੱਲੋਂ ਜਿਹੜੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ, ਉਨ੍ਹਾਂ ਵਿੱਚ ਦੋ ਹਾਊਸਿੰਗ ਪ੍ਰਾਜੈਕਟ ਸ਼ਾਮਲ ਹਨ। ਇਨ੍ਹਾਂ ਵਿੱਚ ਐਰੋਸਿਟੀ ਰੋਡ ’ਤੇ ਸਥਿਤ ਉਸਾਰੀ ਅਧੀਨ ਪ੍ਰਾਜੈਕਟ ਏਥਨਜ਼-1 ਹੈ ਜੋ ਰਾਮਗੜ੍ਹ ਭੁੱਡਾ ਪਿੰਡ ਦੀ 49 ਵਿੱਘੇ 8 ਵਿੱਸਵਾ (49,400 ਗਜ਼) ਜ਼ਮੀਨ ’ਤੇ ਸਥਿਤ ਹੈ ਤੇ ਦੂਜਾ ਹਾਊਸਿੰਗ ਪ੍ਰਾਜੈਕਟ ਏਥਨਜ਼-2 ਵੀ ਪਿੰਡ ਰਾਮਗੜ੍ਹ ਭੁੱਡਾ ਦੀ ਜ਼ਮੀਨ 19 ਵਿੱਘੇ 2 ਵਿਸਵਾ (19100 ਗਜ਼) ’ਤੇ ਸਥਿਤ ਹੈ। ਈਡੀ ਅਨੁਸਾਰ ਪਹਿਲੇ ਪ੍ਰਾਜੈਕਟ ਦੀ ਕੀਮਤ 147.81 ਕਰੋੜ ਰੁਪਏ ਹੈ ਅਤੇ ਦੂਜੇ ਦੀ ਕੀਮਤ 157.70 ਕਰੋੜ ਰੁਪਏ ਹੈ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦੀ ਕੁੱਲ ਕੀਮਤ 305 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਉੱਕਤ ਗਰੁੱਪ ਦੇ ਡਾਇਰੈਕਟਰਾਂ ਖ਼ਿਲਾਫ਼ ਧੋਖਾਧੜੀ ਦੇ ਕੇਸ ਵੀ ਦਰਜ ਕੀਤੇ ਗਏ ਹਨ ਜੋ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਗਰੁੱਪ ਦੇ ਡਾਇਰੈਕਟਰਾਂ ਨੇ ਸਾਜ਼ਿਸ਼ ਤਹਿਤ ਲੋਕਾਂ ਦੀ ਮਿਹਨਤ ਦੀ ਕਮਾਈ ਆਪਣੇ ਪ੍ਰਾਜੈਕਟਾਂ ਦੇ ਫਲੈਟਾਂ, ਪਲਾਟਾਂ ਅਤੇ ਕਮਰਸ਼ੀਅਲ ਸ਼ੋਅਰੂਮਾਂ ਵਿੱਚ ਬੁਕਿੰਗ ਤੇ ਪੱਕੀ ਰਿਟਰਨ ਦਾ ਲਾਲਚ ਦੇ ਕੇ ਨਿਵੇਸ਼ ਕਰਵਾਈ ਅਤੇ ਬਾਅਦ ਵਿੱਚ ਦੂਜੇ ਖਾਤਿਆਂ ਵਿੱਚ ਟਰਾਂਸਫਰ ਕਰ ਕੇ ਕਢਵਾ ਲਈ ਤੇ ਆਪਣੇ ਨਿੱਜੀ ਹਿੱਤਾਂ ਅਤੇ ਹੋਰਨਾਂ ਕੰਮਾਂ ਲਈ ਵਰਤੀ। ਇਸ ਮਾਮਲੇ ਵਿੱਚ ਈਡੀ ਵੱਲੋਂ ਸਾਲ 2002 ਵਿੱਚ ਵਿਸ਼ੇਸ਼ ਅਦਾਲਤ ਵਿੱਚ ਕੇਸ ਦਾਇਰ ਕਰ ਕੇ ਜੀਬੀਪੀਪੀਐੱਲ ਦੇ ਡਾਇਰੈਕਟਰਾਂ ਸਤੀਸ਼ ਗੁਪਤਾ, ਪ੍ਰਦੀਪ ਗੁਪਤਾ, ਵਿਨੋਦ ਗੁਪਤਾ ਅਤੇ ਰਮਨ ਗੁਪਤਾ ਨੂੰ ਸੰਮਨ ਭੇਜੇ ਜਾ ਰਹੇ ਸਨ ਜੋ ਹਾਲੇ ਤੱਕ ਪੇਸ਼ ਨਹੀਂ ਹੋਏ ਹਨ।