ਦਿੱਲੀ ਦੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮਾਹਿਰਾਂ ਦੀਆਂ 30 ਫ਼ੀਸਦ ਅਸਾਮੀਆਂ ਖਾਲੀ: ਭਾਰਦਵਾਜ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਗਸਤ
ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਇੱਥੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਦਿੱਲੀ ਦੇ ਸਿਹਤ ਮੰਤਰੀ ਦਾ ਅਹੁਦਾ ਸੰਭਾਲਿਆ ਹੈ ਦਰਜਨਾਂ ਵਾਰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਰਾਜਧਾਨੀ ਦੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮਾਹਿਰਾਂ ਦੀਆਂ 30 ਫੀਸਦ ਅਸਾਮੀਆਂ ਅਤੇ ਪੈਰਾ-ਮੈਡੀਕਲ ਸਟਾਫ਼ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ। ਭਾਰਦਵਾਜ ਨੇ ਉਪ ਰਾਜਪਾਲ ਦੇ ਦਫ਼ਤਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਤਬਾਦਲੇ, ਤਾਇਨਾਤੀਆਂ ਅਤੇ ਨਿਯੁਕਤੀਆਂ ਉਥੇ ਕੀਤੀਆਂ ਜਾ ਰਹੀਆਂ ਹਨ ਜਿੱਥੇ ਉਪ ਰਾਜਪਾਲ ਮਹਿਸੂਸ ਕਰਦੇ ਹਨ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਪ੍ਰੈੱਸ ਕਾਨਫਰੰਸ ਰਾਹੀਂ ਜਾਣੂ ਕਰਾ ਦਿੱਤਾ ਸੀ ਕਿ ਦਿੱਲੀ ਦੇ ਆਸ਼ਾ ਕਿਰਨ ਹੋਮ ਸ਼ੈਲਟਰ ਵਿੱਚ ਵਿੱਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਭਾਰੀ ਘਾਟ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਇਹ ਮੁੱਦਾ ਵੀ ਉਠਾਇਆ ਸੀ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਪੈਰਾ-ਮੈਡੀਕਲ ਸਟਾਫ ਦੀ ਵੱਡੀ ਘਾਟ ਹੈ। ਆਮ ਤੌਰ ’ਤੇ ਹਸਪਤਾਲ ਦਾ ਪ੍ਰਬੰਧਨ ਕਰਨ ਲਈ ਇਕ ਡਾਇਰੈਕਟਰ ਜਾਂ ਮੈਡੀਕਲ ਸੁਪਰਡੈਂਟ ਹੋਣਾ ਚਾਹੀਦਾ ਹੈ ਪਰ ਸਥਿਤੀ ਇਹ ਹੈ ਕਿ ਇਕ ਵਿਅਕਤੀ ਨੂੰ ਕਈ ਹਸਪਤਾਲਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮਾਮਲੇ ਵਿੱਚ ਵੀ ਉਪ ਰਾਜਪਾਲ ਦੇ ਦਫਤਰ ਤੋਂ ਅਸਪਸ਼ਟ ਜਵਾਬ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਵਾਪਰੀ ਘਟਨਾ ਬਾਰੇ ਭਾਜਪਾ ਬਹੁਤ ਰੌਲਾ ਪਾਉਂਦੀ ਹੈ ਪਰ ਜਦੋਂ ਦਿੱਲੀ ਵਿੱਚ ਅਜਿਹੀ ਹੀ ਘਟਨਾ ਵਾਪਰੀ ਤਾਂ ਉਪ ਰਾਜਪਾਲ ਨੇ ਮੁਲਜ਼ਮ ਪ੍ਰੋਫੈਸਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਇੰਨਾ ਹੀ ਨਹੀਂ ਕਾਲਜ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਲੜਕੀਆਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ।