ਬੱਚਿਆਂ ਦੇ ਉਤਪਾਦਾਂ ’ਚ ਚੀਨੀ 30 ਫ਼ੀਸਦ ਘਟਾਈ: ਨੈਸਲੇ
ਨਵੀਂ ਦਿੱਲੀ: ਨੈਸਲੇ ਇੰਡੀਆ ਨੇ ਅੱਜ ਦਾਅਵਾ ਕੀਤਾ ਕਿ ਉਸ ਨੇ ਪਿਛਲੇ ਪੰਜ ਸਾਲਾਂ ’ਚ ਭਾਰਤ ਵਿੱਚ ਬੱਚਿਆਂ ਲਈ ਖੁਰਾਕੀ ਉਤਪਾਦਾਂ ਵਿੱਚ ਚੀਨੀ ’ਚ 30 ਫ਼ੀਸਦ ਤੋਂ ਵੱਧ ਦੀ ਕਟੌਤੀ ਕੀਤੀ ਹੈ। ਕੰਪਨੀ ਨੇ ਇਹ ਦਾਅਵਾ ਅਜਿਹੀਆਂ ਖ਼ਬਰਾਂ ਦੌਰਾਨ ਕੀਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਹ ਘੱਟ ਵਿਕਸਿਤ ਦੇਸ਼ਾਂ ’ਚ ਵੱਧ ਚੀਨੀ ਵਾਲੇ ਉਤਪਾਦ ਵੇਚ ਰਹੀ ਹੈ। ਸਵਿਟਜ਼ਰਲੈਂਡ ਦੀ ਐੱਨਜੀਓ ਪਬਲਿਕ ਆਈ ਐਂਡ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ (ਆਈਬੀਐੱਫਐੱਨ) ਦੇ ਸਿੱਟਿਆਂ ਮੁਤਾਬਕ ਨੈਸਲੇ ਨੇ ਯੂਰੋਪ ਦੇ ਆਪਣੇ ਬਾਜ਼ਾਰਾਂ ਦੇ ਮੁਕਾਬਲੇ ਭਾਰਤ ਸਣੇ ਘੱਟ ਵਿਕਸਿਤ ਦੱਖਣ ਏਸ਼ਿਆਈ ਦੇਸ਼ਾਂ, ਅਫਰੀਕੀ ਤੇ ਲਾਤੀਨੀ ਅਮਰੀਕੀ ਮੁਲਕਾਂ ’ਚ ਵੱਧ ਚੀਨੀ ਵਾਲੇ ਉਤਪਾਦ ਵੇਚੇ ਹਨ। ਇਸ ਸਬੰਧੀ ਸਵਾਲ ਦੇ ਜਵਾਬ ’ਚ ਕੰਪਨੀ ਦੇ ਤਰਜਮਾਨ ਨੇ ਕਿਹਾ, ‘‘ਚੀਨੀ ’ਚ ਕਮੀ ਕਰਨਾ ਨੈਸਲੇ ਦੀ ਤਰਜੀਹ ਹੈ। ਲੰਘੇ ਪੰਜ ਸਾਲਾਂ ’ਚ ਅਸੀਂ ਉਤਪਾਦਾਂ ਦੇ ਆਧਾਰ ’ਤੇ ਚੀਨੀ ’ਚ 30 ਫ਼ੀਸਦ ਤੱਕ ਦੀ ਕਟੌਤੀ ਕੀਤੀ ਹੈ।’’ ਤਰਜਮਾਨ ਨੇ ਕਿਹਾ, ‘‘ਅਸੀਂ ਆਪਣੇ ਉਤਪਾਦਾਂ ਦੀ ਪੌਸ਼ਟਿਕ ਗੁਣਵੱੱਤਾ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੇ ਅਤੇ ਨਾ ਹੀ ਕਰਾਂਗੇ।’’ -ਪੀਟੀਆਈ