ਵਟਸਐਪ ’ਤੇ ਪੀਡੀਐੱਫ ਫਾਈਲ ਭੇਜ ਕੇ ਦੋ ਖਾਤਿਆਂ ਵਿੱਚੋਂ 3 ਲੱਖ ਉਡਾਏ
ਪੱਤਰ ਪ੍ਰੇਰਕ
ਜੀਂਦ, 18 ਅਗਸਤ
ਸਾਈਬਰ ਠੱਗਾਂ ਨੇ ਇੱਥੇ ਪਟਿਆਲਾ ਚੌਕ ਨਿਵਾਸੀ ਇੱਕ ਦੁਕਾਨਦਾਰ ਦੇ ਵਟਸਅਪ ’ਤੇ ਲਿੰਕ ਭੇਜ ਕੇ ਉਸਦੇ ਖਾਤੇ ਅਤੇ ਕ੍ਰੈਡਿਟ ਕਾਰਡ ਤੋਂ 3 ਲੱਖ ਰੁਪਏ ਉਡਾ ਲਏ ਹਨ। ਪੀੜਤ ਵਿਅਕਤੀ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਪੁਲੀਸ ਵਿੱਚ ਦਰਜ ਕਰਵਾ ਦਿੱਤੀ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮਿਲੀ ਸ਼ਿਕਾਇਤ ਦੇ ਅਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਚੌਕ ਨਿਵਾਸੀ ਵਿਵੇਕ ਕੁਮਾਰ ਨੇ ਥਾਣਾ ਸਦਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ ਪਟਿਆਲਾ ਚੌਕ ਦੇ ਹਾਂਸੀ ਰੋਡ ’ਤੇ ਮੋਬਾਈਲ ਫੋਨ ਅਸੈਸਰੀਜ਼ ਦੀ ਦੁਕਾਨ ਹੈ। ਲਗਪਗ ਦੋ ਹਫ਼ਤੇ ਪਹਿਲਾਂ ਉਸ ਦੇ ਵਟਸਐਪ ਉੱਤੇ ਇੱਕ ਅਨਜਾਣ ਨੰਬਰ ਤੋਂ ਇੱਕ ਲਿੰਕ ਭੇਜਿਆ ਗਿਆ ਸੀ ਜਿਸ ਦੇ ਹੇਠਾਂ ਇੱਕ ਪੀਡੀਐੱਫ ਫਾਈਲ ਵੀ ਸੀ। ਵਿਵੇਕ ਨੇ ਲਿੰਕ ਉੱਤੇ ਕਲਿਕ ਕੀਤਾ ਤਾਂ ਉਹ ਫਾਇਲ ਖੁੱਲ੍ਹ ਗਈ, ਜਿਸ ਵਿੱਚ ਵਿਵੇਕ ਨੇ ਅਪਣੇ ਐਕਸਿਸ ਬੈਂਕ ਦੇ ਡੈਬਿਟ ਕਾਰਡ ਦੀ ਡਿਟੇਲ ਭਰਕੇ ਸਬਮਿਟ ਕਰ ਦਿੱਤੀ। ਇਸ ਤੋਂ ਬਾਅਦ ਉਸ ਦੇ ਮੋਬਾਇਲ ਨੰਬਰ ਉੱਤੇ ਓਟੀਪੀ ਆਉਣੇ ਸੁਰੂ ਹੋ ਗਏ ਤੇ ਉਸਦੀ ਮੇਲ ਆਈਡੀ ਉੱਤੇ 1,99,999 ਰੁਪਏ ਕਟਣ ਦਾ ਸੁਨੇਹਾ ਆਇਆ। ਜਦੋਂ ਉਸਨੇ ਅਕਸੈਸ ਬੈਂਕ ਵਿੱਚ ਜਾਕੇ ਖਾਤਾ ਚੈੱਕ ਕਰਵਾਇਆ ਤਾਂ ਖਾਤੇ ਵਿੱਚੋਂ ਉਪਰੋਕਤ ਰਾਸ਼ੀ ਗਾਇਬ ਸੀ। ਫਿਰ ਥੋੜੀ ਦੇਰ ਮਗਰੋਂ ਐੱਸਬੀਆਈ ਦੇ ਕ੍ਰੈਡਿੱਟ ਕਾਰਡ ਵਿੱਚੋਂ 70 ਹਜ਼ਾਰ ਅਤੇ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਵਿੱਚੋਂ 30 ਹਜ਼ਾਰ ਰੁਪਏ ਦੀ ਰਾਸ਼ੀ ਨਿਕਲਣ ਦਾ ਸੰਦੇਸ਼ ਆਇਆ। ਉਨ੍ਹਾਂ ਨੇ ਤੁਰੰਤ ਸਾਈਬਰ ਕ੍ਰਾਈਮ ਹੈਲਪ ਬ੍ਰਾਂਚ 1930 ਉੱਤੇ ਤੇ ਆਨ ਲਾਈਨ ਪੋਰਟਲ ’ਤੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ।