ਰਾਮਪੁਰਾ ਫੂਲ ਨੇੜੇ ਹਾਦਸੇ ’ਚ ਪਿਓ-ਪੁੱਤ ਸਣੇ 3 ਹਲਾਕ
ਮਨੋਜ ਸ਼ਰਮਾ
ਬਠਿੰਡਾ, 4 ਅਗਸਤ
ਇੱਥੇ ਰਾਮਪੁਰਾ ਫੂਲ ਵਿੱਚ ਅੱਜ ਸ਼ਾਮ ਸੜਕ ਹਾਦਸੇ ਵਿੱਚ ਕਾਰ ਸਵਾਰ ਪਿਓ-ਪੁੱਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਓਵਰਬ੍ਰਿਜ ਪਾਰ ਕਰਨ ਲੱਗਿਆਂ ਕਾਰ ਸੜਕ ਵਿਚਾਲੇ ਖੜ੍ਹੇ ਟਿੱਪਰ ਨਾਲ ਟਕਰਾਅ ਗਈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸਤੀਸ਼ ਗਰਗ, ਉਸ ਦੇ ਪੁੱਤਰ ਹਿਮਾਂਸ਼ੂ ਗਰਗ (20) ਅਤੇ ਦੋਸਤ ਵਿਕਰਮ ਗਰਗ (25) ਪੁੱਤਰ ਬਲਰਾਮ ਗਰਗ ਵਜੋਂ ਹੋਈ ਹੈ। ਹਾਦਸੇ ਦਾ ਪਤਾ ਲੱਗਦੇ ਹੀ ਥਾਣਾ ਰਾਮਪੁਰਾ ਸਿਟੀ ਦੀ ਪੁਲੀਸ ਮੌਕੇ ’ਤੇ ਪੁੱਜੀ ਗਈ। ਜਾਣਕਾਰੀ ਮੁਤਾਬਕ ਸਤੀਸ਼ ਗਰਗ, ਵਿਕਰਮ ਅਤੇ ਉਸ ਦਾ ਦੋਸਤ ਆਪਣੀ ਕਾਰ (ਨੰਬਰ ਪੀਬੀ03 ਬੀਬੀ 0688) ਰਾਹੀਂ ਲੁਧਿਆਣਾ ਤੋਂ ਕਾਸਮੈਟਿਕ ਦਾ ਸਾਮਾਨ ਲੈ ਕੇ ਬਠਿੰਡਾ ਪਰਤ ਰਹੇ ਸਨ। ਸਤੀਸ਼ ਗਰਗ ਅਤੇ ਉਸ ਦਾ ਪੁੱਤਰ ਹਿਮਾਂਸ਼ੂ ਗਰਗ ਬਠਿੰਡਾ ਦੇ ਕਿਲ੍ਹਾ ਮੁਬਾਰਕ ਰੋਡ ’ਤੇ ਮਨਿਆਰੀ ਦੀ ਦੁਕਾਨ ਚਲਾਉਂਦੇ ਸਨ।
ਇਸ ਹਾਦਸੇ ਕਾਰਨ ਬਠਿੰਡਾ ਵਿੱਚ ਸੋਗ ਦੀ ਲਹਿਰ ਹੈ। ਮੌਕੇ ’ਤੇ ਪੁੱਜੀ ਥਾਣਾ ਸਿਟੀ ਰਾਮਪੁਰਾ ਦੀ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਰਾਮਪੁਰਾ ਫੂਲ ਸਥਿਤ ਸਰਕਾਰੀ ਹਸਪਤਾਲ ਦੇ ਮੁਰਦਾਖ਼ਾਨੇ ਵਿੱਚ ਰਖਵਾ ਦਿੱਤੀਆਂ ਗਈਆਂ ਹਨ। ਇਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।