ਪਟਿਆਲਾ ਦੇ ਬੱਸ ਅੱਡੇ ’ਚ ਗੋਲੀਆਂ ਚਲਾਉਣ ਵਾਲੇ 3 ਗ੍ਰਿਫ਼ਤਾਰ, ਮੁਲਜ਼ਮਾਂ ਦਾ ਗੈਂਗਸਟਰ ਅਰਸ਼ ਡੱਲਾ ਨਾਲ ਸਬੰਧ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜਨਵਰੀ
ਇਥੋਂ ਦੇ ਨਵੇਂ ਬੱਸ ਸਟੈਂਡ ਵਿਖੇ ਬੀਤੇ ਦਿਨੀਂ ਗੋਲੀਬਾਰੀ ਮਾਮਲੇ ਵਿਚ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਅਤੇ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਦੀਆਂ ਟੀਮਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ 2 ਪਿਸਤੌਲ ਬਰਾਮਦ ਕੀਤੇ ਗਏ ਹਨ। ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਫੜੇ ਨੌਜਵਾਨਾਂ ਦਾ ਸਬੰਧ ਗੈਂਗਸਟਰ ਅਰਸ਼ ਡੱਲਾ ਨਾਲ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਵਿਚ ਬਲਜਿੰਦਰ ਸਿੰਘ ਬੱਲੀ ਵਾਸੀ ਅਲੁਸ਼ਰਕਲਾਂ ਜ਼ਿਲ੍ਹਾ ਮਾਨਸਾ, ਸਰਬਜੀਤ ਸਿੰਘ ਸਰਬੀ ਵਾਸੀ ਭੀਖੀ ਜ਼ਿਲ੍ਹਾ ਮਾਨਸਾ ਅਤੇ ਜਗਜੀਤ ਸਿੰਘ ਵਿੱਕੀ ਵਾਸੀ ਪਿੰਡ ਭਰੂਰ ਜ਼ਿਲ੍ਹਾ ਸੰਗਰੂਰ ਦੇ ਨਾਮ ਸ਼ਾਮਲ ਹਨ। ਇਸ ਦੌਰਾਨ ਬੱਲੀ ਅਤੇ ਸਰਬੀ ਦੇ ਕਬਜ਼ੇ ਵਿੱਚ ਇਕ-ਇੱਕ ਪਿਸਤੌਲ ਵੀ ਬਰਾਮਦ ਹੋਏ ਹਨ। ਇਨ੍ਹਾਂ ਦੇ ਦੋ ਸਾਥੀਆਂ ਦੀ ਭਾਲ਼ ਜਾਰੀ ਹੈ। ਇਨ੍ਹਾਂ ਨੇ ਦੋ ਦਿਨ ਪਹਿਲਾਂ ਬੱਸ ਅੱਡੇ ਵਿਚ ਗੋਲ਼ੀਆਂ ਚਲਾਈਆਂ ਸਨ। ਇਸ ਮੌਕੇ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਤੇ ਡੀਐੱਸਪੀ (ਡੀ) ਸੁਖਅੰਮ੍ਰਿਤ ਸਿੰਘ ਰੰਧਾਵਾ ਸਮੇਤ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਸਪੈਕਟਰ ਅਮਨਦੀਪ ਬਰਾੜ ਵੀ ਮੌਜੂਦ ਸਨ।