ਦੀਵਾਲੀ ਦੇ ਸੀਜ਼ਨ ਦੌਰਾਨ 3.75 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਨਵੰਬਰ
ਇਸ ਸਾਲ ਦੀਵਾਲੀ ਦੇ ਸੀਜ਼ਨ ਵਿੱਚ 3.75 ਲੱਖ ਕਰੋੜ ਰੁਪਏ ਦਾ ਕਾਰੋਬਾਰ ਦੇਸ਼ ਭਰ ਵਿੱਚ ਹੋਇਆ ਤੇ ਸਾਰੇ ਤਿਉਹਾਰਾਂ ’ਤੇ ਗਾਹਕਾਂ ਦੁਆਰਾ ਭਾਰਤੀ ਵਸਤੂਆਂ ਨੂੰ ਵੱਡੀ ਮਾਤਰਾ ਵਿੱਚ ਖ਼ਰੀਦਿਆ ਗਿਆ। ਫਿਲਹਾਲ ਗੋਵਰਧਨ ਪੂਜਾ, ਭਈਆ ਦੂਜ, ਛਠ ਪੂਜਾ ਅਤੇ ਤੁਲਸੀ ਵਿਆਹ ਦੇ ਤਿਉਹਾਰ ਬਾਕੀ ਹਨ, ਜਿਸ ’ਚ ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਹੋਰ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਦੇ ਆਗੂ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਇਸ ਵਾਰ ਦੀਵਾਲੀ ਦੇ ਤਿਉਹਾਰ ’ਤੇ ਚੀਨ ਨੂੰ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਕਾਰੋਬਾਰ ’ਚ ਭਾਰੀ ਨੁਕਸਾਨ ਹੋਇਆ ਹੈ। ਪਿਛਲੇ ਸਾਲਾਂ ਵਿੱਚ ਦੀਵਾਲੀ ਦੇ ਤਿਉਹਾਰਾਂ ਦੌਰਾਨ ਚੀਨ ਤੋਂ ਬਣੀਆਂ ਵਸਤੂਆਂ ਨੂੰ ਭਾਰਤ ਵਿੱਚ ਲਗਭਗ 70% ਮਾਰਕੀਟ ਮਿਲਦੀ ਸੀ। ਦੇਸ਼ ਦੇ ਕਿਸੇ ਵੀ ਕਾਰੋਬਾਰੀ ਨੇ ਇਸ ਸਾਲ ਚੀਨ ਤੋਂ ਦੀਵਾਲੀ ਨਾਲ ਸਬੰਧਤ ਕੋਈ ਵਸਤੂ ਦਰਾਮਦ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਥਾਨਕ ਅਤੇ ਸਵੈ-ਨਿਰਭਰ ਭਾਰਤ ਮੁਹਿੰਮ ਲਈ ਵੋਕਲ ਦਾ ਪ੍ਰਭਾਵ ਹੈ। ਵਪਾਰੀਆਂ ਨੇ ਇਸ ਦੀਵਾਲੀ ’ਤੇ ਦੇਸ਼ ਭਰ ਵਿੱਚ ‘ਭਾਰਤੀ ਉਤਪਾਦ-ਸਬਕਾ ਉਸਤਾਦ’ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਬਹੁਤ ਸਫਲ ਰਹੀ ਅਤੇ ਦੇਸ਼ ਭਰ ਵਿੱਚ ਵੱਡਾ ਸਮਰਥਨ ਮਿਲਿਆ।