3.58 ਕਰੋੜ ਦੀ ਲਾਗਤ ਨਾਲ ਸੜਕ ਬਣਾਈ ਜਾਵੇਗੀ: ਕਟਾਰੂਚੱਕ
ਪਠਾਨਕੋਟ, 1 ਜੂਨ
ਇੱਥੇ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ੇਰਪੁਰ-ਪੰਜੋੜ-ਫੂਲਪਿਆਰਾ-ਸੁਜਾਨਪੁਰ ਮਾਰਗ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ’ਤੇ 3.58 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਦਾ ਕੰਮ ਮੰਡੀਬੋਰਡ ਵੱਲੋਂ ਇੱਕ-ਦੋ ਦਿਨਾਂ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਦੀਪਕ ਗਤੋਰਾ ਤੇ ਰਜਿੰਦਰ ਭਿੱਲਾ, ਸਰਪੰਚ ਬਨੀਲੋਧੀ ਕਾਲਾ ਰਾਮ, ਸਰਪੰਚ ਆਸਾਬਾਨੋ ਰਜਿੰਦਰ ਕੌਰ, ਸਰਪੰਚ ਅਵਿਨਾਸ਼, ਸਰਪੰਚ ਕਟਾਰੂਚੱਕ ਉਰਮਿਲਾ ਦੇਵੀ, ਸਾਬਕਾ ਸਰਪੰਚ ਕਲੇਸਰ ਸੁਰਿੰਦਰ ਕੁਮਾਰ ਅਤੇ ਐੱਸਡੀਓ ਰਾਕੇਸ਼ ਕੁਮਾਰ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 6.50 ਕਿਲੋਮੀਟਰ ਲੰਬਾਈ ਵਾਲੇ ਇਸ ਮਾਰਗ ਦੀ 25 ਸਾਲਾ ਬਾਅਦ ਸੁਣਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਗਈਆਂ ਅਤੇ ਚਲੀਆਂ ਵੀ ਗਈਆਂ ਪਰ ਇਸ ਮਾਰਗ ਦੀ ਕਿਸੇ ਵੀ ਸਰਕਾਰ ਨੇ ਸੁਧ ਨਹੀਂ ਲਈ ਅਤੇ ਇਸ ਖੇਤਰ ਦੇ ਲੋਕਾਂ ਨੂੰ ਇਸ ਖਸਤਾ ਹਾਲਤ ਵਾਲੀ ਸੜਕ ਦਾ ਸੰਤਾਪ 25 ਸਾਲ ਭੋਗਣਾ ਪਿਆ। ਉਨ੍ਹਾਂ ਕਿਹਾ ਕਿ ਇਸ ਸੜਕ ਤੇ 3.58 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ 18 ਫੁੱਟ ਚੌੜੀ ਬਣਾਈ ਜਾਵੇਗੀ। ਜਿਸ ਨਾਲ ਖੇਤਰ ਦੇ ਲੋਕਾਂ ਨੂੰ ਰਾਹਤ ਮਿਲੇਗੀ।
ਬਿਕਰਮ ਮਜੀਠੀਆ ਨੂੰ ਦੋ ਦਿਨ ਦੀ ਚਿਤਾਵਨੀ ਦਿੱਤੀ
ਨਰੋਟ ਜੈਮਲ ਸਿੰਘ ਖੇਤਰ ਦੇ ਰਾਵੀ ਦਰਿਆ ਦੇ ਬੁਰਦ ਬੇ-ਚਿਰਾਗ ਪੰਚਾਇਤਾਂ ਸ਼ਾਹਪੁਰਗੋਪੀ ਅਤੇ ਗੋਲ ਪਿੰਡਾਂ ਦੀਆਂ ਖੱਡਾਂ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਰਾਜਨੀਤਿਕ ਤੌਰ ’ਤੇ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਾਜਾਇਜ਼ ਮਾਈਨਿੰਗ ਦਾ ਹਵਾਲਾ ਦੇ ਕੇ ਫੇਸਬੁੱਕ ’ਤੇ ਇੱਕ ਪੋਸਟ ਪਾਈ ਹੈ। ਇਸ ਵਿੱਚ ਨਾਜਾਇਜ਼ ਮਾਈਨਿੰਗ ਲਈ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਜ਼ਿੰਮੇਦਾਰ ਦੱਸਿਆ ਹੈ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮਜੀਠੀਆ ਦੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਥੇ ਲੀਗਲ ਤੌਰ ’ਤੇ ਮਾਈਨਿੰਗ ਹੋ ਰਹੀ ਹੈ ਤੇ ਇਸ ਦਾ ਬਕਾਇਦਾ ਠੇਕਾ ਐੱਮਬੀਡੀ ਕੰਪਨੀ ਕੋਲ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਿਕਰਮ ਮਜੀਠੀਆ ਨੇ ਦੋ ਦਿਨ ਵਿੱਚ ਇਹ ਪੋਸਟ ਨਾ ਹਟਾਈ ਤਾਂ ਉਹ ਉਸ ਨੂੰ ਅਦਾਲਤ ਲੈ ਕੇ ਜਾਣਗੇ।