ਦੂਜਾ ਇਕ ਰੋਜ਼ਾ ਕ੍ਰਿਕਟ ਮੁਕਾਬਲਾ: ਭਾਰਤ ਨੇ ਆਸਟਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਲੜੀ ’ਤੇ ਕੀਤਾ ਕਬਜ਼ਾ
ਇੰਦੌਰ, 24 ਸਤੰਬਰ
ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਮੀਂਹ ਤੋਂ ਪ੍ਰਭਾਵਿਤ ਦੂਸਰੇ ਇੱਕ ਰੋਜ਼ਾ ਮੈਚ ਵਿੱਚ ਆਸਟਰੇਲੀਆ ਨੂੰ ਡਕਵਰਥ ਲੂਈਸ ਪ੍ਰਣਾਲੀ ਤਹਿਤ 99 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਭਾਰਤ ਨੇ ਪੰਜ ਵਿਕਟਾਂ ’ਤੇ 399 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ। ਮੀਂਹ ਕਾਰਨ ਆਸਟਰੇਲੀਆ ਨੂੰ 33 ਓਵਰਾਂ ਵਿੱਚ 317 ਦੌੜਾਂ ਬਣਾਉਣ ਦਾ ਸੋਧਿਆ ਹੋਇਆ ਟੀਚਾ ਦਿੱਤਾ ਗਿਆ ਪਰ ਮਹਿਮਾਨ ਟੀਮ 28.2 ਓਵਰਾਂ ਵਿੱਚ 217 ਦੌੜਾਂ ਹੀ ਬਣਾ ਸਕੀ। ਵੇਰਵਿਆਂ ਅਨੁਸਾਰ ਇਥੇ ਆਸਟਰੇਲੀਆ ਖਿਲਾਫ਼ ਦੂਜੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਭਾਰਤੀ ਬੱਲੇਬਾਜ਼ਾਂ ਸ਼੍ਰੇਅਸ ਅਈਅਰ (105) ਤੇ ਸ਼ੁਭਮਨ ਗਿੱਲ ਨੇ ਸੈਂਕੜੇ ਜੜ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਦੂਜੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਕੀਤੀ। ਅਈਅਰ ਗੇਂਦਬਾਜ਼ ਸ਼ੀਨ ਐਬਟ ਦਾ ਸ਼ਿਕਾਰ ਬਣਿਆ। ਅਈਅਰ ਨੂੰ 101 ਦੇ ਨਿੱਜੀ ਸਕੋਰ ’ਤੇ ਇਕ ਜੀਵਨਦਾਨ ਵੀ ਮਿਲਿਆ। ਇਸ ਤੋਂ ਪਹਿਲਾਂ 9.5 ਓਵਰਾਂ ਦੀ ਖੇਡ ਮਗਰੋਂ ਮੀਂਹ ਕਰਕੇ ਮੈਚ ਰੋਕਣਾ ਪਿਆ ਸੀ। ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ 12 ਗੇਂਦਾਂ ’ਤੇ ਅੱਠ ਦੌੜਾਂ ਨਾਲ ਜੋਸ਼ ਹੇਜ਼ਲਵੁੱਡ ਦਾ ਸ਼ਿਕਾਰ ਬਣਿਆ। ਆਸਟਰੇਲੀਆ ਦੇ ਆਰਜ਼ੀ ਕਪਤਾਨ ਸਟੀਵ ਸਮਿੱਥ ਨੇ ਟਾਸ ਜਿੱਤ ਕੇ ਮੇਜ਼ਬਾਨ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਵਿਚ ਭਾਰਤ 1-0 ਨਾਲ ਅੱਗੇ ਹੈ। ਭਾਰਤ ਨੇ ਮੁਹਾਲੀ ਵਿਚ ਖੇਡੇ ਪਹਿਲੇ ਇਕ ਰੋਜ਼ਾ ਮੁਕਾਬਲੇ ਵਿਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਸ਼ਿਕਸਤ ਦਿੱਤੀ ਸੀ। ਆਸਟਰੇਲੀਆ ਨੇ ਅੱਜ ਦੇ ਮੈਚ ਲਈ ਆਪਣੇ ਨਿਯਮਤ ਕਪਤਾਨ ਪੈਟ ਕਮਿੰਨਸ ਦੇ ਨਾਲ ਮਿਸ਼ੇਲ ਮਾਰਸ਼ ਤੇ ਮਾਰਕਸ ਸਟੌਇਨਸ ਨੂੰ ਆਰਾਮ ਦਿੱਤਾ ਹੈ। ਟੀਮ ਵਿੱਚ ਜੋਸ਼ ਹੇਜ਼ਲਵੁੱਡ ਤੇ ਐਲਕਸ ਕੇਰੀ ਨੂੰ ਥਾਂ ਦਿੱਤੀ ਗਈ ਹੈ। -ਪੀਟੀਆਈ