ਅੰਮ੍ਰਿਤਸਰ ਵਿੱਚ 29ਵੀਂ ਡਾਇਸੈਸ਼ਨ ਕੌਂਸਲ ਸਮਾਪਤ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਨਵੰਬਰ
ਕ੍ਰਿਸਚੀਅਨ ਭਾਈਚਾਰੇ ਦੀ ਜਥੇਬੰਦੀ ਡਾਇਸਿਸ ਆਫ਼ ਅੰਮ੍ਰਿਤਸਰ ਅਤੇ ਚਰਚ ਆਫ਼ ਨੌਰਥ ਇੰਡੀਆ ਵੱਲੋਂ ਕਰਵਾਈ ਗਈ 29ਵੀਂ ਡਾਇਸੈਸ਼ਨ ਕੌਂਸਲ ਅੱਜ ਸ਼ਾਮ ਨੂੰ ਸਮਾਪਤ ਹੋ ਗਈ ਜਿਸ ਦੌਰਾਨ ਇੱਕ ਸੰਕੇਤਕ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਡਾਇਸੈਸ਼ਨ ਕੌਂਸਲ ਮੌਕੇ ਬਿਸ਼ਪ ਡਾ. ਪੀ ਕੇ ਸਮਾਂਤਾ ਰਾਏ ਦੀ ਅਗਵਾਈ ਹੇਠ ਡਾਇਸਿਸ ਦੀ ਭਵਿੱਖ ਦੀ ਰਣਨੀਤੀ ਬਾਰੇ ਯੋਜਨਾ ਤਿਆਰ ਕੀਤੀ ਗਈ। ਅੱਜ ਸਮਾਗਮ ਦੀ ਸਮਾਪਤੀ ਮੌਕੇ ਭਾਰਤ ਦੇ ਕੌਮੀ ਝੰਡੇ ਦੇ ਨਾਲ ਚਰਚ ਆਫ਼ ਨੌਰਥ ਇੰਡੀਆ ਤੇ ਡਾਇਸਿਸ ਆਫ਼ ਅੰਮ੍ਰਿਤਸਰ ਦੇ ਝੰਡੇ ਨੂੰ ਲੈ ਕੇ ਮੋਟਰਸਾਈਕਲ ਸਵਾਰਾਂ ਨੇ ਸੰਕੇਤਕ ਰੈਲੀ ਕੱਢੀ, ਜਿਸ ਦੀ ਅਗਵਾਈ ਬਿਸ਼ਪ ਪੀ ਕੇ ਸਮਾਂਤਾ ਰਾਏ ਨੇ ਕੀਤੀ। ਇਹ ਸਮਾਗਮ ਵਿੱਚ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦੇ 76 ਡੈਲੀਗੇਟ, ਅੱਠ ਨਾਮਜ਼ਦ ਬਿਸ਼ਪ, 16 ਹੋਰ ਵਿਸ਼ੇਸ਼ ਮਹਿਮਾਨ ਸਮੇਤ 200 ਤੋਂ ਵੱਧ ਪਤਵੰਤੇ ਸ਼ਾਮਲ ਹੋਏ। ਬੁਲਾਰੇ ਨੇ ਦੱਸਿਆ ਕਿ ਡਾਇਸਿਸ ਵੱਲੋਂ ਭਵਿੱਖੀ ਯਾਤਰਾ ਦਾ ਇੱਕ ਰੋਡਮੈਪ ਤਿਆਰ ਕੀਤਾ ਗਿਆ ਅਤੇ ਉਸ ਦੇ ਟੀਚੇ ਨਿਰਧਾਰਤ ਕੀਤੇ ਗਏ ਹਨ ਜਿਸ ਦੀ ਸਫ਼ਲਤਾ ਵਾਸਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਬਿਸ਼ਪ ਨੇ ਆਖਿਆ ਕਿ ਡਾਇਸਿਸ ਆਫ਼ ਅੰਮ੍ਰਿਤਸਰ ਵਿਸ਼ਵ ਵਿਆਪੀ ਅਤੇ ਅੰਤਰ-ਧਰਮ ਭਾਈਚਾਰਾ ਹੈ ਜੋ ਸਮੁੱਚੀ ਮਨੁੱਖਤਾ ਦੇ ਨਾਲ ਨਾਲ ਰਾਸ਼ਟਰ ਦੇ ਵਿਕਾਸ ਨੂੰ ਪਹਿਲ ਦਿੰਦਾ ਹੈ। ਉਨ੍ਹਾਂ ਕਿਹਾ ਕਿ ਡਾਇਸਿਸ ਵੱਲੋਂ ਗ਼ਰੀਬ ਬੱਚਿਆਂ ਦੀ ਸਿੱਖਿਆ, ਜਨਤਕ ਸਿਹਤ ਅਤੇ ਸਮਾਜਿਕ ਪ੍ਰੋਗਰਾਮਾਂ ਰਾਹੀਂ ਅੰਤਰ-ਧਰਮ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਪਣੇ ਸੇਵਾਕਾਲ ਦੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਦਾ ਕਾਰਜਕਾਲ ਮਾਰਚ 2025 ਵਿੱਚ ਖਤਮ ਹੋ ਰਿਹਾ ਹੈ।