ਗਾਜ਼ਾ ’ਤੇ ਹਮਲੇ ’ਚ 29 ਵਿਅਕਤੀ ਹਲਾਕ
ਦੀਰ ਅਲ-ਬਲਾਹ, 11 ਦਸੰਬਰ
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਕੀਤੇ ਹਮਲੇ ’ਚ 29 ਵਿਅਕਤੀ ਮਾਰੇ ਗਏ ਹਨ। ਇਨ੍ਹਾਂ ’ਚ ਇਜ਼ਰਾਈਲ ਨਾਲ ਲਗਦੀ ਸਰਹੱਦ ਨੇੜਲੇ ਕਸਬੇ ਬੇਇਤ ਲਾਹੀਆ ਦੇ ਘਰ ’ਤੇ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ, ਜਿਥੇ 19 ਵਿਅਕਤੀ ਹਲਾਕ ਹੋਏ ਹਨ। ਫਲਸਤੀਨੀ ਮੈਡੀਕਲ ਅਧਿਕਾਰੀਆਂ ਮੁਤਾਬਕ ਇਸ ਘਰ ’ਚ ਲੋਕਾਂ ਨੇ ਪਨਾਹ ਲਈ ਹੋਈ ਸੀ। ਮ੍ਰਿਤਕਾਂ ’ਚ ਪੱਤਰਕਾਰ ਇਮਾਨ ਅਲ-ਸ਼ਾਂਤੀ, ਉਸ ਦਾ ਪਤੀ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ। ਗਾਜ਼ਾ ’ਚ ਜੰਗ ਸ਼ੁਰੂ ਹੋਣ ਮਗਰੋਂ ਹੁਣ ਤੱਕ 193 ਪੱਤਰਕਾਰਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਇਕ ਵੱਖਰੇ ਹਵਾਈ ਹਮਲੇ ’ਚ ਹਮਾਸ ਦੇ ਦੋ ਸੀਨੀਅਰ ਕਮਾਂਡਰਾਂ ਫਾਹਮੀ ਸੇਲਮੀ ਅਤੇ ਸਾਲਾਹ ਦਾਹਮਾਨ ਨੂੰ ਮਾਰ ਮੁਕਾਇਆ ਹੈ। ਹਸਪਤਾਲ ਕਮਾਲ ਅਦਵਾਨ ਦੇ ਰਿਕਾਰਡ ਮੁਤਾਬਕ ਮ੍ਰਿਤਕਾਂ ’ਚ ਇਕੋ ਪਰਿਵਾਰ ਦੇ ਅੱਠ ਜਣੇ ਸ਼ਾਮਲ ਹਨ। ਹਸਪਤਾਲ ਨੇ ਕਿਹਾ ਕਿ ਉਸ ਦੇ ਗੇਟ ਨੇੜੇ ਹੋਏ ਹੋਰ ਹਮਲੇ ’ਚ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਉਧਰ ਅਵਦਾ ਹਸਪਤਾਲ ਮੁਤਾਬਕ ਨੁਸਰਤ ਸ਼ਰਨਾਰਥੀ ਕੈਂਪ ’ਤੇ ਹੋਏ ਹਮਲੇ ’ਚ ਸੱਤ ਵਿਅਕਤੀ ਮਾਰੇ ਗਏ। ਮ੍ਰਿਤਕਾਂ ’ਚ ਦੋ ਬੱਚੇ, ਉਨ੍ਹਾਂ ਦੇ ਮਾਪੇ ਅਤੇ ਤਿੰਨ ਹੋਰ ਰਿਸ਼ਤੇਦਾਰ ਸ਼ਾਮਲ ਹਨ। ਇਸ ਦੌਰਾਨ ਦਹਿਸ਼ਤਗਰਦਾਂ ਨੇ ਬੁੱਧਵਾਰ ਨੂੰ ਇਜ਼ਰਾਈਲ ’ਤੇ ਚਾਰ ਰਾਕੇਟ ਦਾਗ਼ੇ ਜਿਨ੍ਹਾਂ ’ਚੋਂ ਦੋ ਨੂੰ ਹਵਾ ’ਚ ਫੁੰਡ ਦਿੱਤਾ ਗਿਆ। ਫੌਜ ਨੇ ਕਿਹਾ ਕਿ ਦੋ ਰਾਕੇਟ ਖੁੱਲ੍ਹੇ ਇਲਾਕੇ ’ਚ ਡਿੱਗੇ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫੌਜ ਨੇ ਸੈਂਟਰਲ ਗਾਜ਼ਾ ਦੇ ਮਗ਼ਾਜ਼ੀ ਸ਼ਰਨਾਰਥੀ ਕੈਂਪ ਦੇ ਇਕ ਇਲਾਕੇ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। -ਏਪੀ
ਉੱਤਰੀ ਗਾਜ਼ਾ ’ਚ ਦੋ ਮਹੀਨਿਆਂ ਤੋਂ ਨਹੀਂ ਪੁੱਜੀ ਸਹਾਇਤਾ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉੱਤਰੀ ਗਾਜ਼ਾ ’ਚ 66 ਦਿਨਾਂ ਤੋਂ ਵੱਡੇ ਪੱਧਰ ’ਤੇ ਮਨੁੱਖੀ ਸਹਾਇਤਾ ਨਹੀਂ ਪਹੁੰਚੀ, ਜਿਥੇ ਇਜ਼ਰਾਈਲ ਨੇ 6 ਅਕਤੂਬਰ ਤੋਂ ਜ਼ਮੀਨੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਬਾਰੇ ਤਾਲਮੇਲ ਦਫ਼ਤਰ ਨੇ ਕਿਹਾ ਕਿ 65 ਤੋਂ 75 ਹਜ਼ਾਰ ਫਲਸਤੀਨੀ ਨਾਗਰਿਕ ਭੋਜਨ, ਪਾਣੀ, ਬਿਜਲੀ ਅਤੇ ਸਿਹਤ ਸੇਵਾਵਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਬੇਇਤ ਲਾਹੀਆ, ਬੇਇਤ ਹਨੂਨ ਅਤੇ ਜਬਾਲੀਆ ਦੀ ਘੇਰਾਬੰਦੀ ਕੀਤੀ ਹੋਈ ਹੈ। ਜਥੇਬੰਦੀ ਨੇ ਕਿਹਾ ਕਿ ਇਜ਼ਰਾਈਲ ਨੇ ਬੇਇਤ ਲਾਹੀਆ ਦੇ ਤਿੰਨ ਸਕੂਲਾਂ ’ਚੋਂ ਕਰੀਬ 5,500 ਵਿਅਕਤੀਆਂ ਨੂੰ ਜਬਰੀ ਗਾਜ਼ਾ ਸਿਟੀ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਾਜ਼ਾ ਪੱਟੀ ’ਚ ਸੰਯੁਕਤ ਰਾਸ਼ਟਰ ਦੀ ਹਮਾਇਤ ਨਾਲ ਸਿਰਫ਼ ਚਾਰ ਹੀ ਬੇਕਰੀਆਂ ਚੱਲ ਰਹੀਆਂ ਹਨ। -ਏਪੀ