ਮੁਕਾਬਲੇ ਵਿੱਚ 29 ਨਕਸਲੀ ਹਲਾਕ, ਤਿੰਨ ਜਵਾਨ ਜ਼ਖ਼ਮੀ
ਕਾਂਕੇਰ, 16 ਅਪਰੈਲ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਘੱਟੋ-ਘੱਟ 29 ਨਕਸਲੀ ਮਾਰੇ ਗਏ। ਇਸ ਘਟਨਾ ਵਿੱਚ ਤਿੰਨ ਜਵਾਨ ਵੀ ਜ਼ਖਮੀ ਹੋਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਦਾ ਜ਼ਖ਼ੀਰਾ ਵੀ ਬਰਾਮਦ ਕੀਤਾ ਗਿਆ ਹੈ। ਆਈਜੀਪੀ (ਬਸਤਰ ਰੇਂਜ) ਸੁੰਦਰਰਾਜ ਪੀ. ਨੇ ਦੱਸਿਆ ਕਿ ਇਹ ਮੁਕਾਬਲਾ ਦੁਪਹਿਰ ਲਗਪਗ ਦੋ ਵਜੇ ਜ਼ਿਲ੍ਹੇ ਦੇ ਛੋਟੇਬੇਠੀਆ ਥਾਣਾ ਖੇਤਰ ਅਧੀਨ ਬੀਨਾਗੁੰਡਾ ਅਤੇ ਕੋਰੋਨਾਰ ਪਿੰਡਾਂ ਦਰਮਿਆਨ ਪੈਂਦੇ ਹਾਪਟੋਲਾ ਪਿੰਡ ਦੇ ਜੰਗਲ ਵਿੱਚ ਹੋਇਆ।
ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੀ ਸਾਂਝੀ ਟੀਮ ਨਕਸਲ ਵਿਰੋਧੀ ਅਪਰੇਸ਼ਨ ਲਈ ਨਿਕਲੀ ਸੀ। ਉਨ੍ਹਾਂ ਦੱਸਿਆ ਕਿ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੀ ਉੱਤਰੀ ਬਸਤਰ ਡਿਵੀਜ਼ਨ ਦੇ ਸੀਨੀਅਰ ਆਗੂਆਂ ਸ਼ੰਕਰ, ਲਲਿਤਾ, ਰਾਜੂ ਅਤੇ ਹੋਰਾਂ ਦੇ ਇਸ ਖੇਤਰ ਵਿੱਚ ਮੌਜੂਦਗੀ ਦਾ ਪਤਾ ਚੱਲਣ ਮਗਰੋਂ ਅਪਰੇਸ਼ਨ ਸ਼ੁਰੂ ਕੀਤਾ ਗਿਆ। ਇਲਾਕੇ ਵਿੱਚ ਗਸ਼ਤ ਦੌਰਾਨ ਦੋਵੇਂ ਪਾਸੇ ਸਖ਼ਤ ਮੁਕਾਬਲਾ ਹੋਇਆ। ਆਈਜੀ ਨੇ ਕਿਹਾ, ‘‘ਘਟਨਾ ਵਾਲੀ ਥਾਂ ਤੋਂ 29 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਹਥਿਆਰਾਂ ਦਾ ਜ਼ਖ਼ੀਰਾ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਏਕੇ-47, ਐੱਸਐੱਲਆਰ, ਇਨਸਾਸ ਅਤੇ .303 ਰਾਈਫਲ ਸ਼ਾਮਲ ਹਨ।’’
ਨਕਸਲ ਪ੍ਰਭਾਵਿਤ ਬਸਤਰ ਲੋਕ ਸਭਾ ਹਲਕੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ 19 ਅਪਰੈਲ ਨੂੰ ਪੈਣਗੀਆਂ, ਜਦੋਂਕਿ ਕਾਂਕੇਰ, ਜੋ ਬਸਤਰ ਖੇਤਰ ਦਾ ਹਿੱਸਾ ਹੈ, ਵਿੱਚ ਦੂਜੇ ਗੇੜ ਦੀ ਵੋਟਿੰਗ 26 ਅਪਰੈਲ ਨੂੰ ਹੋਵੇਗੀ।
ਕਾਂਕੇਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਬੀਐੱਸਐੱਫ ਜਵਾਨ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਬੀਐੱਸਐੱਫ ਦੇ ਇੱਕ ਜਵਾਨ ਦੇ ਪੈਰ ਵਿੱਚ ਗੋਲੀ ਲੱਗੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ। ਫਿਲਹਾਲ ਇਲਾਕੇ ਵਿੱਚ ਨਕਸਲੀਆਂ ਖ਼ਿਲਾਫ਼ ਅਪਰੇਸ਼ਨ ਚੱਲ ਰਿਹਾ ਹੈ। ਇਸ ਘਟਨਾ ਦੇ ਨਾਲ ਹੀ ਇਸ ਸਾਲ ਹੁਣ ਤੱਕ ਕਾਂਕੇਰ ਸਮੇਤ ਬਸਤਰ ਖੇਤਰ ਦੇ ਸੱਤ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 79 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਬੀਜਾਪੁਰ ਜ਼ਿਲ੍ਹੇ ਵਿੱਚ 2 ਅਪਰੈਲ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ 13 ਨਕਸਲੀ ਮਾਰੇ ਗਏ ਸਨ। -ਪੀਟੀਆਈ