ਨੌਕਰੀ ਦਾ ਝਾਂਸਾ ਦੇ ਕੇ 29 ਲੱਖ ਠੱਗੇ
ਖ਼ੇਤਰੀ ਪ੍ਰਤੀਨਿਧ
ਪਟਿਆਲਾ, 6 ਅਕਤੂਬਰ
ਸਰਕਾਰੀ ਨੌਕਰੀ ਲਵਾਉਣ ਦੇ ਝਾਂਸੇ ਦੇ ਦੋ ਵੱਖ ਵੱਖ ਮਾਮਲਿਆਂ ਵਿੱਚ 29 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦਵਿੰਦਰ ਸਿੰਘ ਵਾਸੀ ਬਾਜਵਾ ਕਲੋਨੀ ਪਟਿਆਲਾ ਦੀ ਸ਼ਿਕਾਇਤ ਆਧਾਰ ’ਤੇ ਥਾਣਾ ਲਹੌਰੀ ਗੇਟ ਪਟਿਆਲਾ ਦੀ ਪੁਲੀਸ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਯੂਪੀ ਦੇ ਜ਼ਿਲ੍ਹਾ ਸਹਾਰਨਪੁਰ ਦੇ ਵਸਨੀਕ ਹਨ। ਸ਼ਿਕਾਇਤ ਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਸਰਕਾਰੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਇਹਨਾ ਮੁਲਜ਼ਮਾਂ ਨੇ ਉਸ ਕੋਲੋਂ 10 ਲੱਖ 23 ਹਜ਼ਾਰ ਰੁਪਏ ਲੈ ਲਏ ਸਨ। ਬਾਅਦ ਵਿੱਚ ਨਾ ਤਾਂ ਉਸ ਨੂੰ ਨੌਕਰੀ ਲਵਾਈ ਗਈ ਅਤੇ ਨਾ ਹੀ ਉਸ ਦੇ ਪੈਸੇ ਹੀ ਵਾਪਸ ਕੀਤੇ। ਇਸ ਸਬੰਧੀ ਪੁਲੀਸ ਨੇ ਮੁਹੰਮਦ ਰਸੀਦ, ਸ਼ਾਹ ਰਸੀਦ, ਰੂਬੀ ਖਾਨ ਤੇ ਕੈਲਾਸ਼ ਸਮੇਤ ਕੁਝ ਹੋਰਨਾ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਅਜਿਹੀ ਹੀ ਠੱਗੀ ਦਾ ਦੂਸਰਾ ਮਾਮਲਾ ਵੀ ਥਾਣਾ ਲਹੌਰੀ ਗੇਟ ਪਟਿਆਲਾ ਨਾਲ ਹੀ ਸੰਬੰਧਿਤ ਹੈ। ਜਿਸ ਸਬੰਧੀ ਜਸਬੀਰ ਸਿੰਘ ਵਾਸੀ ਨਵਾਂ ਫਤਿਹਪੁਰ ਥਾਣਾ ਬਖਸ਼ੀਵਾਲਾ ਪਟਿਆਲਾ ਨੇ ਦੱਸਿਆ ਕਿ ਸੁਮਿਤ ਕੁਮਾਰ ਵਾਸੀ ਕਪੂਰਥਲਾ ਨੇ ਉਸ ਦੇ ਇੱਕ ਰਿਸ਼ਤੇਦਾਰ ਨੂੰ ਸਰਕਾਰੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 18 ਲੱਖ 40 ਹਜ਼ਾਰ ਰੁਪਏ ਠੱਗ ਲਏ। ਬਾਅਦ ਵਿੱਚ ਨਾ ਤਾਂ ਨੌਕਰੀ ਦਿਵਾਈ ਤੇ ਨਾ ਹੀ ਉਸ ਦੇ ਪੈਸੇ ਹੀ ਵਾਪਸ ਕੀਤੇ ਗਏ। ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।