ਸੰਗਰੂਰ ਤੇ ਮਾਲੇਰਕੋਟਲਾ ’ਚ 28,461 ਕੇਸਾਂ ਦਾ ਨਿਬੇੜਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਮਾਰਚ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇਕਾਰਜਕਾਰੀ ਚੇਅਰਮੈਨ ਜਸਟਿਸ ਅਰੁਣ ਪੱਲੀ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਮੁਨੀਸ਼ ਸਿੰਗਲ ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ਸੰਗਰੂਰ ਤੇ ਮਾਲੇਰਕੋਟਲਾ ਅਤੇ ਉਪ ਮੰਡਲ ਪੱਧਰ ਕਚਹਿਰੀਆਂ ਸੁਨਾਮ, ਮੂਨਕ ਤੇ ਧੂਰੀ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਵਿੱਚ ਕੁੱਲ 22 ਲੋਕ ਅਦਾਲਤ ਦੇ ਬੈਂਚਾਂ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਸਕੱਤਰ ਦਲਜੀਤ ਕੌਰ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਸੰਗਰੂਰ ਤੇ ਮਾਲੇਰਕੋਟਲਾ ਵਿੱਚ ਬਣੇ ਸਮੂਹ ਬੈਂਚਾਂ ਵੱਲੋਂ ਕੁੱਲ 30871 ਕੇਸ ਨਿਪਟਾਰੇ ਲਈ ਵਿਚਾਰੇ ਗਏ ਜਿਨਾਂ ਵਿੱਚੋਂ 28461 ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ ਇਸ ਨੈਸ਼ਨਲ ਲੋਕ ਅਦਾਲਤ ਦੇ ਪ੍ਰਚਾਰ ਸਦਕਾ ਇਸ ਨੈਸ਼ਨਲ ਲੋਕ ਅਦਾਲਤ ਦੌਰਾਨ 22,71,29,532.92 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧੂਰੀ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਗਠਨ ਕੀਤਾ ਗਿਆ ਜਿੱਥੇ ਦਲਜੀਤ ਕੌਰ, ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਧੂਰੀ ਵੱਲੋਂ ਤਿੰਨ ਬੈਂਚਾਂ ਦਾ ਗਠਨ ਕੀਤਾ ਗਿਆ। ਬੈਂਚ ਨੰਬਰ 1 ’ਤੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦਲਜੀਤ ਕੌਰ ਵੱਲੋਂ 355 ਕੇਸ ਸੁਣੇ ਗਏ ਤੇ 310 ਕੇਸਾਂ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਕੀਤਾ ਗਿਆ। ਬੈਂਚ ਨੰਬਰ 2 ’ਤੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਕਰਨਵੀਰ ਸਿੰਘ ਵੱਲੋਂ 224 ਕੇਸ ਲਗਾਏ ਗਏ ਜਿਸ ਵਿਚੋੱਂ 142 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਬੈਂਚ ਨੰਬਰ 3 ਤੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਅਮਨਦੀਪ ਕੌਰ ਵੱਲੋਂ 204 ਕੇਸ ਲਗਾਏ ਗਏ ਜਿਨ੍ਹਾਂ ਵਿੱਚੋਂ 107 ਕੇਸਾਂ ਦਾ ਨਿਪਟਾਰਾ ਕੀਤਾ ਗਿਆ।