ਸੇਵਾਮੁਕਤ ਆਮਦਨ ਕਰ ਅਧਿਕਾਰੀ ਦੇ ਖਾਤੇ ’ਚੋਂ 28 ਲੱਖ ਠੱਗੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਨਵੰਬਰ
ਸਾਈਬਰ ਠੱਗਾਂ ਵੱਲੋਂ ਨਵੇਂ-ਨਵੇਂ ਤਰੀਕੇ ਲੱਭ ਕੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਵਸਨੀਕ ਸੇਵਾਮੁਕਤ ਆਮਦਨ ਕਰ ਅਧਿਕਾਰੀ ਐੱਨਆਰਆਈ ਇਕਬਾਲ ਸਿੰਘ ਸੰਧੂ ਵਾਸੀ ਸਰਾਭਾ ਨਗਰ ਦੇ ਖਾਤਿਆਂ ਵਿੱਚੋਂ ਅਣਪਛਾਤੇ ਵਿਅਕਤੀਆਂ ਨੇ ਪਿਛਲੇ ਸਾਢੇ ਪੰਜ ਮਹੀਨਿਆਂ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਕਰੀਬ 28 ਲੱਖ ਰੁਪਏ ਕਢਵਾ ਲਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਐੱਨਆਰਆਈ ਦਾ ਮੋਬਾਈਲ ਨੰਬਰ ਤੇ ਈਮੇਲ ਹੈਕ ਕਰ ਲਏ ਜਿਸ ਕਾਰਨ ਉਸ ਨੂੰ ਰਕਮ ਕਢਵਾਉਣ ਸਬੰਧੀ ਕੋਈ ਮੈਸੇਜ ਵੀ ਪ੍ਰਾਪਤ ਨਹੀਂ ਹੋਇਆ। ਇਸ ਠੱਗੀ ਦਾ ਪਤਾ ਉਸ ਨੂੰ ਉਦੋਂ ਲੱਗਿਆ ਜਦੋਂ ਫੋਨ ’ਤੇ ਕੋਈ ਮੈਸੇਜ ਪ੍ਰਾਪਤ ਨਾ ਹੋਣ ’ਤੇ ਉਸ ਨੇ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਨਵਾਂ ਸਿਮ ਲਿਆ ਤੇ ਉਸ ਨੂੰ ਆਪਣੇ ਖਾਤਿਆਂ ਨਾਲ ਜੋੜਿਆ। ਇਕਬਾਲ ਸਿੰਘ ਨੂੰ ਉਸ ਵੇਲੇ ਐੱਚਡੀਐੱਫਸੀ ਬੈਂਕ, ਪੰਜਾਬ ਨੈਸ਼ਨਲ ਬੈਂਕ ਤੇ ਯੈੱਸ ਬੈਂਕ ਦੇ ਖਾਤਿਆਂ ਵਿੱਚੋਂ 28 ਲੱਖ ਰੁਪਏ ਕਢਵਾਏ ਜਾਣ ਸਬੰਧੀ ਪਤਾ ਲੱਗਿਆ। ਇਸ ਮਗਰੋਂ ਇਕਬਾਲ ਸਿੰਘ ਨੇ ਇਸ ਦੀ ਸ਼ਿਕਾਇਤ ਉੱਚ ਪੁਲੀਸ ਅਧਿਕਾਰੀਆਂ ਨੂੰ ਕੀਤੀ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਕਬਾਲ ਸਿੰਘ ਸੰਧੂ ਨੇ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਸੇਵਾਮੁਕਤੀ ਮਗਰੋਂ ਕੈਨੇਡਾ ਚਲਾ ਗਿਆ ਸੀ ਤੇ ਇਸ ਵੇਲੇ ਉਥੇ ਪੱਕਾ ਨਾਗਰਿਕ ਹੈ। ਉਹ ਸਾਲ ਵਿੱਚ ਇੱਕ ਵਾਰ ਸਰਾਭਾ ਸਥਿਤ ਆਪਣੇ ਘਰ ਆਉਂਦਾ ਹੈ। ਉਸ ਨੇ ਦੱਸਿਆ ਕਿ 25 ਨਵੰਬਰ 2023 ਨੂੰ ਉਹ ਘਰ ਆਇਆ ਸੀ ਤੇ 11 ਮਈ ਨੂੰ ਵਾਪਸ ਚਲਾ ਗਿਆ ਜਿਸ ਤੋਂ ਬਾਅਦ ਉਸ ਦੇ ਫੋਨ ’ਤੇ ਕੋਈ ਮੈਸੇਜ ਨਹੀਂ ਆਇਆ। ਉਨ੍ਹਾਂ ਨੇ ਹੈਬੋਵਾਲ ਰਹਿੰਦੇ ਆਪਣੇ ਸਾਲੇ ਦੇ ਲੜਕੇ ਪ੍ਰੀਤਇੰਦਰ ਨੂੰ ਨਵਾਂ ਸਿਮ ਲੈ ਕੇ ਦੇਣ ਲਈ 22 ਅਕਤੂਬਰ ਨੂੰ ਅਥਾਰਟੀ ਲੈਟਰ ਦਿੱਤਾ। ਇਸ ਮਗਰੋਂ ਜਦੋਂ ਹੁਣ ਉਹ 10 ਨਵੰਬਰ ਨੂੰ ਪੰਜਾਬ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਂਕ ਖਾਤਿਆਂ ਵਿੱਚੋਂ ਵੱਖ-ਵੱਖ ਤਰੀਕਾਂ ਨੂੰ 28 ਲੱਖ ਰੁਪਏ ਨਿਕਲ ਚੁੱਕੇ ਹਨ। ਥਾਣਾ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।