ਐੱਨਆਰਆਈ ਨਾਲ 28 ਲੱਖ ਦੀ ਧੋਖਾਧੜੀ ਕਰਨ ਵਾਲਾ ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਨਵੰਬਰ
ਪੁਲੀਸ ਵੱਲੋਂ ਇੱਕ ਐੱਨਆਰਆਈ ਨਾਲ 28 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਅਤੇ ਏਡੀਸੀ ਗੁਰਮੀਤ ਕੌਰ ਦੀ ਨਿਗਰਾਨੀ ਹੇਠ ਸਹਾਇਕ ਕਮਿਸ਼ਨਰ ਪੁਲੀਸ ਸਾਈਬਰ ਕ੍ਰਾਈਮ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਜਤਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਾਈਬਰ ਕ੍ਰਾਈਮ ਨੇ ਪਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪੀੜਤ ਐੱਨਆਰਆਈ ਇਕਬਾਲ ਸਿੰਘ ਸੰਧੂ ਦਾ ਡਰਾਈਵਰ ਸੀ।
ਮੁੱਖ ਅਫ਼ਸਰ ਥਾਣਾ ਸਾਈਬਰ ਕ੍ਰਾਈਮ ਜਤਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਨੇ ਐੱਨਆਰਆਈ ਦੀ ਸਿਮ ਧੋਖੇ ਨਾਲ ਬਦਲ ਕੇ ਮੋਬਾਈਲ ਨੰਬਰ ਰਾਹੀਂ ਡੈਬਿਟ ਕਾਰਡ ਹਾਸਲ ਕਰ ਕੇ ਵੱਖ-ਵੱਖ ਬੈਂਕ ਖਾਤਿਆਂ ਵਿੱਚੋਂ ਧੋਖੇ ਨਾਲ 28 ਲੱਖ ਰੁਪਏ ਦਾ ਸਾਈਬਰ ਫਰਾਡ ਕੀਤ। ਉਨ੍ਹਾਂ ਦੱਸਿਆ ਕਿ ਕੇਸ ਦਰਜ ਹੋਣ ਦੇ 11 ਦਿਨਾਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਇਹ ਰਕਮ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ। ਇਸ ’ਤੇ ਕਾਰਵਾਈ ਕਰਦਿਆਂ 13 ਲੱਖ 58 ਹਜ਼ਾਰ 147 ਰੁਪਏ ਬੈਂਕ ਖਾਤਿਆਂ ਵਿੱਚ ਫ੍ਰੀਜ਼ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਸ ਪਾਸੋਂ ਵੱਖ-ਵੱਖ ਬੈਂਕਾਂ ਦੀਆਂ 6 ਪਾਸ ਬੁੱਕਾਂ, ਅੱਠ ਚੈੱਕ ਬੁੱਕਾਂ, 14 ਡੈਬਿਟ ਅਤੇ ਕਰੈਡਿਟ ਕਾਰਡ ਅਤੇ ਤਿੰਨ ਮੋਬਾਈਲ ਸਮੇਤ ਪੰਜ ਸਿੰਮ ਬਰਾਮਦ ਕੀਤੇ ਹਨ।