27 ਪਾਕਿਸਤਾਨੀ ਨਾਗਰਿਕ ਵਿਸ਼ੇਸ਼ ਛੋਟ ਤਹਿਤ ਅਟਾਰੀ ਸਰਹੱਦ ਰਸਤੇ ਮੁਲਕ ਪਰਤੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਮਈ
ਪਹਿਲਗਾਮ ਘਟਨਾ ਦੇ ਰੋਸ ਵਜੋਂ ਭਾਰਤ ਸਰਕਾਰ ਵੱਲੋਂ ਕੀਤੇ ਗਏ ਫੈਸਲੇ ਤਹਿਤ ਇਕ ਮਈ ਤੋਂ ਅਟਾਰੀ ਸਰਹੱਦ ਆਵਾਜਾਈ ਵਾਸਤੇ ਮੁਕੰਮਲ ਤੌਰ ’ਤੇ ਬੰਦ ਕੀਤੇ ਜਾਣ ਮਗਰੋਂ ਅੱਜ 27 ਪਾਕਿਸਤਾਨੀ ਨਾਗਰਿਕ ਵਿਸ਼ੇਸ਼ ਛੋਟ ਤਹਿਤ ਅਟਾਰੀ ਸਰਹੱਦ ਰਸਤੇ ਆਪਣੇ ਮੁਲਕ ਲਈ ਰਵਾਨਾ ਹੋਏ ਹਨ। ਇਸ ਦੌਰਾਨ ਪਾਕਿਸਤਾਨ ਤੋਂ ਕੋਈ ਵੀ ਭਾਰਤੀ ਨਾਗਰਿਕ ਅੱਜ ਵਾਪਸ ਨਹੀਂ ਪਰਤਿਆ।
ਲੰਘੇ ਕੱਲ੍ਹ ਅਟਾਰੀ ਸਰਹੱਦ ਨੂੰ ਆਵਾਜਾਈ ਲਈ ਬੰਦ ਕੀਤੇ ਜਾਣ ਮਗਰੋਂ ਕਰੀਬ 40 ਤੋਂ ਵੱਧ ਪਾਕਿਸਤਾਨੀ ਨਾਗਰਿਕ ਨਿਰਾਸ਼ ਵਾਪਸ ਪਰਤੇ ਸਨ। ਜਾਣਕਾਰੀ ਮੁਤਾਬਕ ਜਦੋਂ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਪੁੱਜਾ ਤਾਂ ਉਨ੍ਹਾਂ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਆਉਣ ਦੇਣ ਵਾਸਤੇ ਭਾਰਤ ਕੋਲ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਅੱਜ ਅਟਾਰੀ ਸਰਹੱਦ ਰਸਤੇ ਪਾਕਿਸਤਾਨੀ ਨਾਗਰਿਕਾਂ ਨੂੰ ਭੇਜਿਆ ਗਿਆ ਹੈ। ਕਰੀਬ 27 ਪਾਕਿਸਤਾਨੀ ਨਾਗਰਿਕ ਅੱਜ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਏ ਹਨ, ਜਿਨ੍ਹਾਂ ਵਿੱਚ ਔਰਤ, ਮਰਦ ਅਤੇ ਬੱਚੇ ਸ਼ਾਮਲ ਹਨ। ਇਨ੍ਹਾਂ ਵਿੱਚ ਲਗਪਗ 16 ਅਜਿਹੇ ਹਿੰਦੂ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਹਨ, ਜੋ ਇਥੇ ਭਾਰਤ ਵਿੱਚ ਆਪਣੇ ਬਜ਼ੁਰਗਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਸਤੇ ਹਰਿਦੁਆਰ ਯਾਤਰਾ ’ਤੇ ਆਏ ਹੋਏ ਸਨ। ਇਨ੍ਹਾਂ ਕੋਲ ਦੋ ਮਹੀਨੇ ਦਾ ਵੀਜ਼ਾ ਸੀ।

ਇਸ ਦੌਰਾਨ ਯੂਪੀ ਤੋਂ ਆਏ ਰਈਸ ਅਹਿਮਦ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਪਾਕਿਸਤਾਨ ਭੇਜਣ ਵਾਸਤੇ ਅਟਾਰੀ ਸਰਹੱਦ ਆਇਆ ਸੀ। ਉਹ ਪਾਕਿਸਤਾਨ ਵਿੱਚ ਵਿਆਹੀ ਹੋਈ ਹੈ ਅਤੇ ਭਾਰਤੀ ਨਾਗਰਿਕ ਹੈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਅੱਜ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਉਸ ਨੇ ਅਪੀਲ ਕੀਤੀ ਹੈ ਕਿ ਨੂਰੀ ਵੀਜ਼ਾ ਤਹਿਤ ਉਸ ਦੀ ਭੈਣ ਨੂੰ ਵੀ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਵਿੱਚ ਜਾ ਸਕੇ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਕਈ ਲੋਕਾਂ ਨੂੰ ਨੂਰੀ ਵੀਜ਼ਾ ਤਹਿਤ ਆਉਣ ਜਾਣ ਦੀ ਆਗਿਆ ਦਿੱਤੀ ਗਈ ਹੈ।
ਇਸ ਦੌਰਾਨ ਅੱਜ ਇੱਥੇ ਦਿੱਲੀ ਤੋਂ ਆਈ ਇੱਕ ਪਾਕਿਸਤਾਨੀ ਔਰਤ ਨੇ ਆਖਿਆ ਕਿ ਉਸ ਦਾ ਬੇਟਾ ਭਾਰਤੀ ਨਾਗਰਿਕ ਹੈ। ਉਹ ਆਪਣੇ ਬੇਟੇ ਨਾਲ ਹੀ ਪਾਕਿਸਤਾਨ ਜਾਣਾ ਚਾਹੁੰਦੀ ਹੈ, ਪਰ ਉਸ ਨੂੰ ਆਗਿਆ ਨਹੀਂ ਦਿੱਤੀ ਜਾ ਰਹੀ। ਉਸ ਨੇ ਆਖਿਆ ਕਿ ਉਹ ਆਪਣੇ ਬੇਟੇ ਨੂੰ ਛੱਡ ਕੇ ਕਿਵੇਂ ਜਾ ਸਕਦੀ ਹੈ। ਇਸ ਦੌਰਾਨ ਅੱਜ ਭਾਰਤ ਤੋਂ ਪਾਕਿਸਤਾਨੀ ਨਾਗਰਿਕ ਤਾਂ ਵਾਪਸ ਪਰਤੇ ਹਨ, ਪਰ ਪਾਕਿਸਤਾਨ ਵਾਲੇ ਪਾਸਿਓਂ ਕੋਈ ਵੀ ਭਾਰਤੀ ਨਾਗਰਿਕ ਵਾਪਸ ਆਪਣੇ ਮੁਲਕ ਭਾਰਤ ਨਹੀਂ ਆਇਆ ਹੈ।