ਅਸਮਾਨੀ ਬਿਜਲੀ ਡਿੱਗਣ ਕਾਰਨ ਗੁਜਰਾਤ ’ਚ 27 ਤੇ ਮੱਧ ਪ੍ਰਦੇਸ਼ ’ਚ 4 ਮੌਤਾਂ
ਅਹਿਮਦਾਬਾਦ/ਭੋਪਾਲ, 27 ਨਵੰਬਰ
ਬੇਮੌਸਮੇ ਮੀਂਹ ਨੇ ਗੁਜਰਾਤ ਅਤੇ ਮੱਧ ਪ੍ਦੇਸ਼ ’ਚ ਭਾਰੀ ਤਬਾਹੀ ਮਚਾਈ ਹੈ। ਗੁਜਰਾਤ ’ਚ ਘਰਾਂ ਅਤੇ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪੁੱਜਿਆ ਹੈ ਅਤੇ ਬਿਜਲੀ ਡਿੱਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਸਵੇਰੇ ਤੋਂ ਸ਼ੁਰੂ ਹੋਏ ਮੀਂਹ ਮਗਰੋਂ 24 ਘੰਟਿਆਂ ਵਿੱਚ ਬਿਜਲੀ ਡਿੱਗਣ ਕਾਰਨ ਇਹ ਮੌਤਾਂ ਹੋਈਆਂ ਹਨ। ਸੋਮਵਾਰ ਨੂੰ ਬਾਰਸ਼ ਘੱਟ ਗਈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐਸਈਓਸੀ) ਅਨੁਸਾਰ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਡਿੱਗਣ ਨਾਲ ਹੁਣ ਤੱਕ 27 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਆਦਾਤਰ ਮੌਤਾਂ ਦਾਹੋਦ, ਤਾਪੀ, ਡਾਂਗਾਂ, ਅਮਰੇਲੀ, ਸੁਰੇਂਦਰਨਗਰ, ਬੋਟਾਡ, ਮੇਹਸਾਣਾ, ਖੇੜਾ, ਪੰਚਮਹਾਲ, ਸਾਬਰਕਾਂਠਾ, ਅਹਿਮਦਾਬਾਦ, ਭਰੂਚ ਅਤੇ ਦੇਵਭੂਮੀ ਦਵਾਰਕਾ ਜ਼ਿਲ੍ਹਿਆਂ ਵਿਚ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਡਿੱਗਣ ਨਾਲ ਜਾਨਵਰਾਂ ਦੀ ਵੀ ਮੌਤ ਹੋ ਗਈ, ਜਦੋਂ ਕਿ ਮੀਂਹ ਅਤੇ ਗੜੇਮਾਰੀ ਕਾਰਨ ਘਰਾਂ ਅਤੇ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਕਿਹਾ ਕਿ ਸੂਬਾ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਲੱਗਾ ਹੋਇਆ ਹੈ। ਗੁਜਰਾਤ ਦੇ ਕੈਬਨਿਟ ਮੰਤਰੀ ਰੁਸ਼ੀਕੇਸ਼ ਪਟੇਲ ਨੇ ਕਿਹਾ ਕਿ ਮੁੱਖ ਮੰਤਰੀ ਭੁਪੇਂਦਰ ਪਟੇਲ, ਜੋ ਇਸ ਸਮੇਂ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਨੂੰ ਉਤਸ਼ਾਹਿਤ ਕਰਨ ਲਈ ਜਾਪਾਨ ਦੀ ਯਾਤਰਾ ’ਤੇ ਹਨ, ਨੇ ਬੇਮੌਸਮੇ ਮੀਂਹ ਅਤੇ ਇਸ ਕਾਰਨ ਹੋਏ ਜਾਨੀ-ਮਾਲੀ ਨੁਕਸਾਨ 'ਤੇ ਚਿੰਤਾ ਜ਼ਾਹਿਰ ਕੀਤੀ ਹੈ।
ਇਸੇ ਦੌਰਾਨ ਮੱਧ ਪ੍ਰਦੇਸ਼ ਵਿੱਚ ਸੋਮਵਾਰ ਨੂੰ ਬਿਜਲੀ ਡਿੱਗਣ ਕਾਰਨ ਇੱਕ ਵਿਆਹੁਤਾ ਜੋੜੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਕਈ ਹਿੱਸਿਆਂ ਵਿੱਚ ਬੇਮੌਸਮੇ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ। ਸੂਤਰਾਂ ਅਨੁਸਾਰ ਧਾਰ ਜ਼ਿਲ੍ਹੇ ਦੇ ਉਮਰਬਨ ਪਿੰਡ ਵਿੱਚ ਐਤਵਾਰ ਸ਼ਾਮ ਨੂੰ ਇੱਕ ਜੋੜੇ ਅਤੇ ਉਨ੍ਹਾਂ ਦੇ ਨਾਬਾਲਗ ਪੁੱਤਰ ’ਤੇ ਉਸ ਵੇਲੇ ਬਿਜਲੀ ਡਿੱਗੀ ਜਦੋਂ ਉਹ ਮੋਟਰਸਾਈਕਲ 'ਤੇ ਘਰ ਪਰਤ ਰਹੇ ਸਨ। ਉਮਰਬਨ ਪੁਲੀਸ ਚੌਕੀ ਦੇ ਇੰਚਾਰਜ ਪ੍ਰਕਾਸ਼ ਅਲਵਾ ਨੇ ਦੱਸਿਆ ਕਿ ਮੁਕੇਸ਼ (28) ਅਤੇ ਉਸ ਦੀ ਪਤਨੀ ਚੰਪਾ (27) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ 10 ਸਾਲਾ ਪੁੱਤਰ ਗੰਭੀਰ ਰੂਪ ਵਿੱਚ ਝੁਲਸ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸੇ ਦੌਰਾਨ ਪੇਟਲਾਵਡ ਪੁਲੀਸ ਦੇ ਉਪ ਮੰਡਲ ਅਧਿਕਾਰੀ ਸੌਰਭ ਤੋਮਰ ਨੇ ਦੱਸਿਆ ਕਿ ਝਾਬੁਆ ਜ਼ਿਲ੍ਹੇ ਵਿੱਚ ਇੱਕ 45 ਸਾਲਾ ਵਿਅਕਤੀ ਲੁੰਗਜੀ ਕਟਾਰਾ ਦੀ ਝਵਾਲੀਆ ਪਿੰਡ ਵਿੱਚ ਆਪਣੇ ਖੇਤ ਵਿੱਚ ਕੰਮ ਕਰਦੇ ਸਮੇਂ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। -ਏਜੰਸੀ
-ਪੀਟੀਆਈ