ਗਾਜ਼ਾ ਵਿਚ ਇਜ਼ਰਾਈਲੀ ਹਮਲੇ ’ਚ 27 ਨਾਗਰਿਕ ਹਲਾਕ
ਦੀਰ ਅਲ-ਬਲਾਹ, 10 ਅਕਤੂਬਰ
Israeli strike on Gaza: ਫ਼ਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਇਜ਼ਰਾਈਲੀ ਫ਼ੌਜ ਵੱਲੋਂ ਗਾਜ਼ਾ ਵਿੱਚ ਉਜਾੜੇ ਦਾ ਸ਼ਿਕਾਰ ਲੋਕਾਂ ਦੀ ਇਕ ਪਨਾਹਗਾਹ ਉਤੇ ਕੀਤੇ ਗਏ ਹਵਾਈ ਹਮਲੇ ਵਿਚ ਘੱਟੋ-ਘੱਟ 27 ਵਿਅਕਤੀ ਮਾਰੇ ਗਏ ਹਨ। ਦੂਜੇ ਪਾਸੇ ਇਜ਼ਰਾਈਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਮ ਲੋਕਾਂ ਵਿਚ ਲੁਕੇ ਹੋਏ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਹੈ, ਹਾਲਾਂਕਿ ਇਸ ਸਬੰਧੀ ਕੋਈ ਸਬੂਤ ਨਹੀਂ ਦਿੱਤਾ ਗਿਆ।
ਗ਼ੌਰਤਲਬ ਹੈ ਕਿ ਇਜ਼ਰਾਈਲ ਵੱਲੋਂ ਲਗਾਤਾਰ ਹਸਪਤਾਲਾਂ, ਸਕੂਲਾਂ ਅਤੇ ਆਮ ਲੋਕਾਂ ਦੀ ਸ਼ਰਨ ਵਾਲੇ ਹੋਰ ਟਿਕਾਣਿਆਂ ਉਤੇ ਹਮਲੇ ਕੀਤੇ ਜਾ ਰਹੇ ਹਨ। ਇਹ ਹਮਲਾ ਵੀ ਇਸੇ ਲੜੀ ਤਹਿਤ ਕੀਤਾ ਗਿਆ ਹੈ।
ਅਲ-ਅਕਸਾ ਮਾਰਟੀਅਰਜ਼ ਹਸਪਤਾਲ ਜਿਥੇ ਮ੍ਰਿਤਕਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ, ਨੇ ਕਿਹਾ ਕਿ ਇਹ ਹਮਲਾ ਗਾਜ਼ਾ ਦੇ ਕੇਂਦਰੀ ਸ਼ਹਿਰ ਦੀਰ ਅਲ-ਬਲਾਹ ਵਿਚ ਕੀਤਾ ਗਿਆ, ਜਿਸ ਵਿਚ 27 ਵਿਅਕਤੀਆਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਹਨ, ਜਿਨ੍ਹਾਂ ਵਿਚ ਇਕ ਬੱਚਾ ਤੇ 7 ਔਰਤਾਂ ਸ਼ਾਮਲ ਹਨ।
ਇਸ ਖ਼ਬਰ ਏਜੰਸੀ ਦੇ ਪੱਤਰਕਾਰ ਨੇ ਐਂਬੂਲੈਂਸਾਂ ਨੂੰ ਹਸਪਤਾਲ ਆਉਂਦਿਆਂ ਦੇਖਿਆ ਅਤੇ ਲਾਸ਼ਾਂ ਦੀ ਗਿਣਤੀ ਕੀਤੀ, ਜਿਨ੍ਹਾਂ ਵਿਚੋਂ ਕਈ ਤਾਰ-ਤਾਰ ਹੋਈਆਂ ਪਈਆਂ ਸਨ। ਇਕ ਦੁਖੀ ਵਿਅਕਤੀ ਆਖ ਰਿਹਾ ਸੀ, ‘‘ਅਸੀਂ ਸਾਰੀ ਦੁਨੀਆਂ ਅਪੀਲ ਕਰਦੇ ਹਾਂ। ਅਸੀਂ ਮਰ ਰਹੇ ਹਾਂ, ਜੰਗ ਰੋਕੀ ਜਾਵੇ।’’ -ਏਪੀ