2600 ਲਿਟਰ ਲਾਹਣ ਬਰਾਮਦ
ਤਰਨ ਤਾਰਨ: ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਇਲਾਕੇ ਦੇ ਪਿੰਡ ਖੈਰਦੀਨਕੇ ਵਿੱਚ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲੈਣ ’ਤੇ ਵੱਖ-ਵੱਖ ਥਾਵਾਂ ਤੋਂ 2600 ਲਿਟਰ ਲਾਹਣ ਬਰਾਮਦ ਕੀਤਾ ਗਿਆ। ਵਿਭਾਗ ਦੇ ਕਰ ਅਤੇ ਆਬਕਾਰੀ ਅਧਿਕਾਰੀ ਇੰਦਰਜੀਤ ਸਿੰਘ ਸਾਹਿਜਰਾ ਦੀ ਨਿਗਰਾਨੀ ਹੇਠ ਤਲਾਸ਼ੀ ਟੀਮਾਂ ਦੀ ਅਗਵਾਈ ਇੰਸਪੈਕਟਰ ਕਰਨ ਸ਼ਰਮਾ ਅਤੇ ਹਿਤੇਸ਼ ਪ੍ਰਭਾਕਰ ਨੇ ਕੀਤੀ| ਦਿਨ ਭਰ ਕੀਤੀ ਤਲਾਸ਼ੀ ਵਿੱਚ ਇਨ੍ਹਾਂ ਟੀਮਾਂ ਵਿੱਚ ਵਿਭਾਗ ਦੇ ਜ਼ਿਲ੍ਹੇ ਭਰ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ| ਥਾਣਾ ਝਬਾਲ ਦੀ ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤੇ ਹਨ| -ਪੱਤਰ ਪ੍ਰੇਰਕ
ਨਾਟਕ ‘ਸਪਾਰਟਾਕਸ’ ਦਾ ਮੰਚਨ
ਅੰਮ੍ਰਿਤਸਰ: ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਕੌਮੀ ਰੰਗਮੰਚ ਕਾਰਜਸ਼ਾਲਾ ਵਿੱਚ ਅੱਜ ‘ਪੰਜ ਰੋਜ਼ਾ ਨਾਟ ਉਤਸਵ’ ਦੇ ਦੂਜੇ ਦਿਨ ਬਾਦਲ ਸਿਰਕਾਰ ਦਾ ਲਿਖਿਆ ਅਤੇ ਪਾਰਥੋ ਬੈਨਰਜ਼ੀ ਦਾ ਨਿਰਦੇਸ਼ਤ ਕੀਤਾ ਨਾਟਕ ‘ਸਪਾਰਟਾਕਸ’ ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ। ਇਸ ਨਾਟਕ ਵਿੱਚ ਸਰੀਰਕ ਪ੍ਰਦਰਸ਼ਨ ਅਤੇ ਦਰਸ਼ਕਾਂ ਦੇ ਆਪਸੀ ਤਾਲਮੇਲ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਅਦਾਕਾਰ ਹਰਦੀਪ ਗਿੱਲ, ਸੁਮੀਤ ਸਿੰਘ ਤੇ ਦਰਸ਼ਕ ਹਾਜ਼ਰ ਸਨ। -ਪੱਤਰ ਪ੍ਰੇਰਕ