ਪੰਜਾਬ ’ਚ ਖੁੱਲ੍ਹਣਗੀਆਂ 260 ਖੇਡ ਨਰਸਰੀਆਂ; 25 ਖੇਡਾਂ ਦੀ ਮਿਲੇਗੀ ਕੋਚਿੰਗ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 8 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1000 ਖੇਡ ਨਰਸਰੀਆਂ ਸਥਾਪਿਤ ਕਰਨ ਦੀ ਯੋਜਨਾ ਉਲੀਕੀ ਗਈ ਹੈ। ਪਹਿਲੇ ਪੜਾਅ ਤਹਿਤ 260 ਖੇਡ ਨਰਸਰੀਆਂ ਸਥਾਪਿਤ ਕਰਨ ਦਾ ਕੰਮ ਆਰੰਭ ਹੋ ਗਿਆ ਹੈ। ਹਰ ਖੇਡ ਨਰਸਰੀ ਵਿੱਚ ਇੱਕ ਕੋਚ ਦੀ ਨਿਯੁਕਤੀ ਕੀਤੀ ਜਾਵੇਗੀ। ਰਾਜ ਭਰ ਵਿੱਚ ਰੱਖੇ ਜਾਣ ਵਾਲੇ 260 ਖੇਡ ਕੋਚਾਂ ਲਈ ਮੁਹਾਲੀ ਦੇ ਸੈਕਟਰ 78 ਦੇ ਬਹੁਮੰਤਵੀ ਖੇਡ ਭਵਨ ਵਿਖੇ ਕੋਚਾਂ ਦੇ ਟਰਾਇਲ ਅੱਜ ਆਰੰਭ ਹੋ ਗਏ ਹਨ। ਇਹ ਟਰਾਇਲ 16 ਜੁਲਾਈ ਤੱਕ ਚੱਲਣਗੇ ਅਤੇ ਇਸ ਮਗਰੋਂ ਕੋਚਾਂ ਦੀ ਨਿਯੁਕਤੀ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਨੇ ਮੁਹਾਲੀ ਵਿਖੇ ਟਰਾਇਲਾਂ ਦੀ ਨਿਗਰਾਨੀ ਕਰਨ ਮੌਕੇ ਦੱਸਿਆ ਕਿ ਖੇਡ ਨਰਸਰੀਆਂ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਹੈ, ਜਿਸ ਦਾ ਮਕਸਦ ਜ਼ਮੀਨੀ ਪੱਧਰ ਉੱਤੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਲੈ ਕੇ ਆਉਣਾ ਤੇ ਅੱਗਿਓਂ ਵੱਖ-ਵੱਖ ਖੇਡਾਂ ਲਈ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਨਰਸਰੀਆਂ ਵਿੱਚ ਕੋਚਾਂ ਦੀ ਭਰਤੀ ਲਈ ਇਸ਼ਤਿਹਾਰ ਚੋਣ ਜ਼ਾਬਤੇ ਤੋਂ ਪਹਿਲਾਂ ਦਿੱਤਾ ਗਿਆ ਸੀ ਤੇ ਜਿਨ੍ਹਾਂ ਨੇ ਉਸ ਇਸ਼ਤਿਹਾਰ ਦੇ ਆਧਾਰ ਉਤੇ ਅਪਲਾਈ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 25 ਖੇਡਾਂ ਸਬੰਧੀ ਟਰਾਇਲ ਲਏ ਜਾ ਰਹੇ ਹਨ, ਉਨ੍ਹਾਂ ਵਿੱਚ ਟੈਨਿਸ, ਤੀਰ-ਅੰਦਾਜ਼ੀ, ਕਬੱਡੀ, ਐਥਲੈਟਿਕਸ, ਖੋ-ਖੋ, ਫੁਟਬਾਲ, ਸਾਈਕਲਿੰਗ, ਵਾਲੀਬਾਲ, ਹੈਂਡਬਾਲ, ਬਾਸਕਟਬਾਲ, ਕੁਸ਼ਤੀ, ਹਾਕੀ, ਮੁੱਕੇਬਾਜ਼ੀ, ਵੇਟਲਿਫ਼ਟਿੰਗ, ਜੁਡੋ, ਬੈਡਮਿੰਟਨ, ਕ੍ਰਿਕਟ, ਰੋਇੰਗ, ਵੁਸ਼ੂ, ਤੈਰਾਕੀ, ਟੇਬਲ ਟੈਨਿਸ, ਕਿਕ ਬਾਕਸਿੰਗ, ਜਿਮਨਾਸਟਿਕਸ ਤੇ ਫੈਂਸਿੰਗ ਸ਼ਾਮਲ ਹਨ।