ਵਿਸਤਾਰਾ ਵੱਲੋਂ 26 ਉਡਾਣਾਂ ਰੱਦ
ਮੁੰਬਈ, 3 ਅਪਰੈਲ
ਪਾਇਲਟਾਂ ਦੀ ਘਾਟ ਕਾਰਨ 26 ਉਡਾਣਾ ਰੱਦ ਹੋਣ ਵਿਚਾਲੇ ਵਿਸਤਾਰਾ ਦੇ ਉੱਚ ਅਧਿਕਾਰੀਆਂ ਨੇ ਬੁੱਧਵਾਰ ਨੂੰ ਪਾਇਲਟਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਨਵੇਂ ਸਮਝੌਤੇ ਅਤੇ ਰੋਸਟਰਿੰਗ ਮੁੱਦਿਆਂ ’ਤੇ ਚਰਚਾ ਕੀਤੀ ਗਈ। ਸੂਤਰਾਂ ਅਨੁਸਾਰ ਟਾਟਾ ਗਰੁੱਪ ਦੀ ਏਅਰਲਾਈਨ ਨੇ ਬੁੱਧਵਾਰ ਨੂੰ ਲਗਪਗ 26 ਉਡਾਣਾਂ ਨੂੰ ਰੱਦ ਕਰ ਦਿੱਤਾ। ਜਾਣਕਾਰੀ ਅਨੁਸਾਰ ਸੋਧੇ ਹੋਏ ਤਨਖਾਹ ਢਾਂਚੇ ਦੇ ਵਿਰੋਧ ਵਿੱਚ ਪਾਇਲਟਾਂ ਨੇ ਬਿਮਾਰ ਹੋਣ ਦੀ ਸੂਚਨਾ ਦੇ ਕੇ ਛੁੱਟੀ ਲੈ ਲਈ ਜਿਸ ਨਾਲ ਵਿਸਤਾਰਾ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਇਸ ਦੇ ਸਿੱਟੇ ਵਜੋਂ ਵਿਸਤਾਰਾ ਨੂੰ ਪਿਛਲੇ ਦੋ ਦਿਨਾਂ ਵਿੱਚ 100 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਉਡਾਣਾਂ ਰੱਦ ਹੋਣ ਦਾ ਨੋਟਿਸ ਲੈਂਦਿਆਂ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਵਿਸਤਾਰਾ ਨੂੰ ਉਡਾਣਾਂ ਰੱਦ ਕਰਨ ਅਤੇ ਦੇਰੀ ਬਾਰੇ ਰੋਜ਼ਾਨਾ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਸੀਈਓ ਵਿਨੋਦ ਕਾਨਨ ਸਮੇਤ ਵਿਸਤਾਰਾ ਦੇ ਉੱਚ ਅਧਿਕਾਰੀਆਂ ਨੇ ਪਾਇਲਟਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਕਰਨ ਲਈ ਆਨਲਾਈਨ ਮੀਟਿੰਗ ਕੀਤੀ। ਪਾਇਲਟਾਂ ਨਾਲ ਮੁਲਾਕਾਤ ਬਾਰੇ ਵਿਸਤਾਰਾ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸੂਤਰਾਂ ਨੇ ਦੱਸਿਆ ਕਿ ਰੋਸਟਰਿੰਗ ਅਤੇ ਵਧੇ ਹੋਏ ਕੰਮ ਦੇ ਘੰਟਿਆਂ ਨਾਲ ਜੁੜੇ ਮੁੱਦਿਆਂ ‘ਤੇ, ਏਅਰਲਾਈਨ ਅਧਿਕਾਰੀਆਂ ਨੇ ਪਾਇਲਟਾਂ ਨੂੰ ਭਰੋਸਾ ਦਿੱਤਾ ਹੈ ਕਿ ਮਈ ਤੱਕ ਇਸ ਨੂੰ ਸੁਲਝਾ ਲਿਆ ਜਾਵੇਗਾ। -ਪੀਟੀਆਈ