26/11 ਹਮਲਾ: ਪਾਕਿ ਖ਼ਿਲਾਫ਼ ਫੌਜੀ ਕਾਰਵਾਈ ਬਾਰੇ ਕੀਤਾ ਸੀ ਵਿਚਾਰ
ਅਦਿਤੀ ਟੰਡਨ
ਨਵੀਂ ਦਿੱਲੀ, 27 ਦਸੰਬਰ
26 ਨਵੰਬਰ 2008 ਨੂੰ ਮੁੰਬਈ ਵਿੱਚ ਹੋਏ ਅਤਿਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਜਵਾਬੀ ਕਾਰਵਾਈ ਨਾ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਮਨਮੋਹਨ ਸਿੰਘ ਦੀ ਅਕਸਰ ਆਲੋਚਨਾ ਕੀਤੀ ਜਾਂਦੀ ਰਹੀ ਪਰ ਸੱਚ ਇਹ ਹੈ ਕਿ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਪਾਕਿਸਤਾਨ ਖ਼ਿਲਾਫ਼ ਫੌਜੀ ਕਾਰਵਾਈ ਕਰਨ ਬਾਰੇ ਚਰਚਾ ਹੋਈ ਸੀ। 2019 ਦੀਆਂ ਲੋਕ ਸਭਾ ਚੋਣਾਂ ਮੌਕੇ ‘ਦਿ ਟ੍ਰਿਬਿਊਨ’ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਮਨਮੋਹਨ ਸਿੰਘ ਨੇ ਸਪੱਸ਼ਟ ਤੌਰ ’ਤੇ ਇਹ ਗੱਲ ਮੰਨੀ ਸੀ ਕਿ 26/11 ਦੇ ਹਮਲਿਆਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਫੌਜੀ ਕਾਰਵਾਈ ਕਰਨ ਬਾਰੇ ਵਿਚਾਰ ਕੀਤਾ ਸੀ। ਉਨ੍ਹਾਂ ਕਿਹਾ ਸੀ, ‘‘ਮੁੰਬਈ ਵਿੱਚ ਕੀਤੇ ਗਏ ਹਮਲੇ ਨਾ-ਮੁਆਫ਼ੀਯੋਗ ਸਨ। ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਨਹੀਂ ਹਾਂ ਕਿ ਅਸੀਂ ਫੌਜੀ ਕਾਰਵਾਈ ਲਈ ਤਿਆਰ ਨਹੀਂ ਸਨ। ਬਲਕਿ ਅਸੀਂ ਤਿਆਰ ਸਨ।’’ ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਨੇ ਅਖ਼ੀਰ ਫੌਜੀ ਕਾਰਵਾਈ ਨਾ ਕਰਨ ਦਾ ਫੈਸਲਾ ਲਿਆ, ਕਿਉਂਕਿ ਉਸ ਵੇਲੇ ਭੂ-ਰਾਜਨੀਤਕ ਹਾਲਾਤ ਭਾਰਤ ਦੇ ਪੱਖ ਵਿੱਚ ਸਨ ਅਤੇ ਭਾਰਤ ਨੇ ਇਸ ਦਾ ਕੂਟਨੀਤਕ ਤੌਰ ’ਤੇ ਜਵਾਬ ਦਿੰਦਿਆਂ ਪਾਕਿਸਤਾਨ ਨੂੰ ਦੁਨੀਆ ਤੋਂ ਵੱਖ ਕਰ ਦਿੱਤਾ ਸੀ।