ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਲਈ 26.08 ਕਰੋੜ ਦਾ ਮੁਆਵਜ਼ਾ ਜਾਰੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਗਸਤ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੀੜਤ ਕਿਸਾਨਾਂ ਨੂੰ ਵਿੱਤੀ ਤੌਰ ’ਤੇ ਮਦਦ ਦੇਣ ਲਈ 26 ਕਰੋੜ 8 ਲੱਖ 34 ਹਜ਼ਾਰ 400 ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਅੱਜ ਮੀਟਿੰਗ ਦੌਰਾਨ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੁਲਾਈ ਅਤੇ ਅਗਸਤ ਦੌਰਾਨ ਆਏ ਹੜ੍ਹਾਂ ਕਾਰਨ ਹੋਏ ਖਰਾਬੇ ਲਈ ਪੰਜਾਬ ਸਰਕਾਰ ਵੱਲੋਂ ਕੁਦਰਤੀ ਆਫ਼ਤ ਰਾਹਤ ਫੰਡ ਵਿੱਚੋਂ ਜਾਰੀ ਮੁਆਵਜ਼ਾ ਰਾਸ਼ੀ ਦੀ ਵੰਡ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਪ੍ਰਕਿਰਿਆ ਦੌਰਾਨ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਇਸ ਮੁਆਵਜ਼ੇ ਲਈ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਤਰਜੀਹੀ ਆਧਾਰ ’ਤੇ ਇਸ ਦੀ ਵੰਡ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਸ ਸਬੰਧੀ ਲਹਿਰਾ, ਖਨੌਰੀ, ਮੂਨਕ ਸਮੇਤ ਹੋਰ ਸਬ ਡਿਵੀਜ਼ਨਾਂ ਵਿੱਚ ਹੋਏ ਨੁਕਸਾਨ ਸਬੰਧੀ ਅਧਿਕਾਰੀਆਂ ਵੱਲੋਂ ਹੁਣ ਤੱਕ ਕੀਤੀ ਕਾਰਵਾਈ ਦੀ ਸਮੀਖਿਆ ਵੀ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਅਣ-ਅਧਿਕਾਰਤ ਕਲੋਨੀਆਂ ਵਿਰੁੱਧ ਸਖ਼ਤ ਕਦਮ ਪੁੱਟੇ ਜਾਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਰਕਲ ਰੈਵੇਨਿਊ ਅਫ਼ਸਰ ਦੇ ਧਿਆਨ ਵਿੱਚ ਅਜਿਹਾ ਕੋਈ ਵੀ ਮਾਮਲਾ ਆਉਂਦਾ ਹੈ ਤਾਂ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗਣ ਵਾਲਿਆਂ ਖਿਲਾਫ਼ ਪੁਲੀਸ ਕੇਸ ਦਰਜ ਕਰਨ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਮਾਲ ਵਿਭਾਗ ਦੇ ਬਕਾਇਆ ਕੇਸਾਂ ਦੇ ਯੋਗ ਨਿਪਟਾਰੇ ਦੀ ਹਦਾਇਤ ਕਰਦਿਆਂ ਕਿਹਾ ਕਿ ਲਟਕ ਰਹੇ ਮਾਮਲਿਆਂ ਨਾਲ ਸਬੰਧਤ ਦੋਵੇਂ ਧਿਰਾਂ ਦੀ ਸੁਣਵਾਈ ਕਰਦਿਆਂ ਨਿਯਮਾਂ ਮੁਤਾਬਕ ਬਣਦਾ ਨਿਪਟਾਰਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜਮ੍ਹਾਂਬੰਦੀਆਂ, ਈ ਸੇਵਾ ਕੇਸਾਂ, ਕੈਡੇਸਟਰਲ ਮੈਪ ਆਦਿ ਬਾਰੇ ਵੀ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਤੋਂ ਜਾਇਜ਼ਾ ਲਿਆ।