ਜਲੰਧਰ ਵਿੱਚ ਕਰੋਨਾ ਦੇ 255 ਨਵੇਂ ਕੇਸ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਅਗਸਤ
ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 255 ਨਵੇਂ ਕੇਸਾਂ ਤੇ 3 ਮੌਤਾਂ ਦੀ ਪੁਸ਼ਟੀ ਹੋਈ ਹੈ। ਅੱਜ ਆਏ ਨਵੇਂ ਪਾਜ਼ੇਟਿਵ ਮਰੀਜ਼ਾਂ ’ਚੋਂ 238 ਮਰੀਜ਼ ਜਲੰਧਰ ਨਾਲ ਸਬੰਧਤ ਹਨ ਅਤੇ ਬਾਕੀ ਬਾਹਰੀ ਇਲਾਕਿਆਂ ਦੇ ਹਨ ਪਰ ਉਨ੍ਹਾਂ ਦੇ ਟੈਸਟ ਜਲੰਧਰ ਵਿੱਚ ਹੋਏ ਸਨ। ਇਸ ਮਗਰੋਂ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 4628 ਤੇ ਮੌਤਾਂ ਦੀ ਗਿਣਤੀ 116 ਹੋ ਗਈ ਹੈ।
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਕਰੋਨਾ ਦੇ 199 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 7288 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਸ਼ਹਿਰ ਵਿਚ 8 ਜਣਿਆਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਆਏ ਪਾਜ਼ੇਟਿਵ ਮਾਮਲਿਆਂ ਵਿੱਚ 2 ਪੁਲੀਸ ਮੁਲਾਜ਼ਮ, 2 ਸਿਹਤ ਮੁਲਾਜ਼ਮ, 1 ਗਰਭਵਤੀ ਔਰਤ ਸ਼ਾਮਲ ਹਨ। ਇਸ ਤੋਂ ਇਲਾਵਾ ਫਲੂ ਕਾਰਨਰ ਦੇ 54 ਅਤੇ ਓਪੀਡੀ ਵਾਲੇ 36 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ।
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਰਾਇਲ ਐਨਕਲੇਵ ਦੀ 73 ਸਾਲਾ ਬਜ਼ੁਰਗ, ਮੇਹਰ ਸਿੰਘ ਕਲੋਨੀ ਦਾ 75 ਸਾਲਾ ਬਜ਼ੁਰਗ ਅਤੇ ਸਰਹਿੰਦੀ ਗੇਟ ਦਾ 46 ਸਾਲਾ ਵਿਅਕਤੀ ਸ਼ਾਮਲ ਹਨ। ਇਸੇ ਦੌਰਾਨ ਅੱਜ 114 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ’ਚੋਂ 65 ਪਟਿਆਲਾ ਸ਼ਹਿਰ, 15 ਰਾਜਪੁਰਾ, 10 ਨਾਭਾ, 8 ਸਮਾਣਾ ਅਤੇ 16 ਵੱਖ-ਵੱਖ ਪਿੰਡਾਂ ਤੋਂ ਹਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 75 ਨਵੇਂ ਕੇਸਾਂ ਅਤੇ ਤਿੰਨ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਅੱਜ 98 ਕਰੋਨਾ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਅੱਜ ਅਮਰੀਕ ਸਿੰਘ (42) ਵਾਸੀ ਸੰਤ ਨਗਰ, ਹਰਪ੍ਰੀਤ ਪਾਲ (43) ਵਾਸੀ ਰਈਆ ਅਤੇ ਬਲਦੇਵ ਕਪੂਰ (82) ਵਾਸੀ ਜਗਦੰਬੇ ਕਲੋਨੀ, ਮਜੀਠਾ ਰੋਡ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 2,975 ਹੋ ਗਈ ਹੈ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸੰਗਰੂਰ ਵਿੱਚ ਅੱਜ ਕਰੋਨਾ ਦੇ 60 ਨਵੇਂ ਮਾਮਲਿਆਂ ਅਤੇ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ਵਿੱਚ ਕੁੱਲ ਕਰੋਨਾ ਕੇਸਾਂ ਦੀ ਗਿਣਤੀ 1637 ਹੋ ਚੁੱਕੀ ਹੈ, ਜਿਨ੍ਹਾਂ ’ਚੋਂ 309 ਕੇਸ ਐਕਟਿਵ ਹਨ। ਇਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਹੈ।