ਨੌਹਰ ਫੀਡਰ ਨਹਿਰ ਟੁੱਟਣ ਕਾਰਨ 250 ਏਕੜ ਫ਼ਸਲ ਡੁੱਬੀ
ਜਗਤਾਰ ਸਮਾਲਸਰ
ਏਲਨਾਬਾਦ, 7 ਅਕਤੂਬਰ
ਪਿੰਡ ਢੂਕੜਾ ਕੋਲ ਨੌਹਰ ਫੀਡਰ ਨਹਿਰ ਲੰਘੀ ਰਾਤ ਟੁੱਟਣ ਕਾਰਨ ਕਰੀਬ 250 ਏਕੜ ਫ਼ਸਲ ਵਿੱਚ ਪਾਣੀ ਭਰ ਗਿਆ ਅਤੇ 50 ਦੇ ਕਰੀਬ ਢਾਣੀਆਂ ਅਤੇ ਟਿਊਬਵੈੱਲ ਪ੍ਰਭਾਵਿਤ ਹੋ ਗਏ। ਕਿਸਾਨਾਂ ਬੰਸੀ ਲਾਲ, ਮਹਾਂਵੀਰ, ਪ੍ਰਹਿਲਾਦ ਸੋਨੀ, ਵਿਨੋਦ ਕੁਮਾਰ, ਭਾਗਮੱਲ, ਰਾਜੇਸ਼ ਕੁਮਾਰ, ਮਦਨ ਲਾਲ ਤੇ ਸੁਭਾਸ਼ ਸਿਹਾਗ ਆਦਿ ਨੇ ਦੱਸਿਆ ਕਿ ਲੰਘੀ ਰਾਤ ਇਹ ਨਹਿਰ ਓਵਰਫਲੋਅ ਹੋਣ ਕਾਰਨ ਟੁੱਟ ਗਈ ਅਤੇ ਸਵੇਰ ਵੇਲੇ ਤੱਕ ਨਹਿਰ ਵਿੱਚ ਕਰੀਬ 70 ਫੁੱਟ ਪਾੜ ਪੈ ਗਿਆ ਜਿਸ ਨਾਲ ਕਰੀਬ 250 ਏਕੜ ਵਿੱਚ ਖੜੀ ਨਰਮੇ, ਕਪਾਹ ਅਤੇ ਝੋਨੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ ਅਤੇ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਬਣੀਆਂ ਕਰੀਬ 50 ਢਾਣੀਆਂ ਅਤੇ ਟਿਊਬਵੈੱਲ ਵੀ ਪਾਣੀ ਭਰਨ ਨਾਲ ਪ੍ਰਭਾਵਿਤ ਹੋ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਨਰਮੇ ਅਤੇ ਝੋਨੇ ਦੀ ਫ਼ਸਲ ਪੱਕ ਕੇ ਬਿਲਕੁੱਲ ਤਿਆਰ ਹੋ ਚੁੱਕੀ ਹੈ ਪਰ ਹੁਣ ਫ਼ਸਲ ਪਾਣੀ ਵਿੱਚ ਡੁੱਬਣ ਕਾਰਨ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਜਦੋਂ ਨਹਿਰ ਟੁੱਟਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਇਸ ਦੀ ਸੂਚਨਾ ਨਹਿਰੀ ਵਿਭਾਗ ਨੂੰ ਦਿੱਤੀ। ਵਿਭਾਗ ਦੇ ਅਧਿਕਾਰੀਆਂ ਨੇ ਨਹਿਰ ਨੂੰ ਹੈੱਡ ਤੋਂ ਬੰਦ ਕਰਵਾਇਆ ਅਤੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ।
ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰ ਟੁੱਟਣ ਨਾਲ ਹੋਏ ਨੁਕਸਾਨ ਦੀ ਵਿਸ਼ੇਸ ਗਿਰਦਾਵਰੀ ਕਰਵਾਈ ਜਾਵੇ ਅਤੇ ਢੁੱਕਵਾ ਮੁਆਵਜ਼ਾ ਦਿੱਤਾ ਜਾਵੇ।