For the best experience, open
https://m.punjabitribuneonline.com
on your mobile browser.
Advertisement

ਕਾਰਗਿਲ ਜੰਗ ਦੇ 25 ਸਾਲ: ਹਵਾਈ ਸੈਨਾ ਨੇ ‘ਅਪਰੇਸ਼ਨ ਸਫ਼ੇਦ ਸਾਗਰ’ ਨੂੰ ਯਾਦ ਕੀਤਾ

07:08 AM Jul 15, 2024 IST
ਕਾਰਗਿਲ ਜੰਗ ਦੇ 25 ਸਾਲ  ਹਵਾਈ ਸੈਨਾ ਨੇ ‘ਅਪਰੇਸ਼ਨ ਸਫ਼ੇਦ ਸਾਗਰ’ ਨੂੰ ਯਾਦ ਕੀਤਾ
‘ਕਾਰਗਿਲ ਵਿਜੈ ਦਿਵਸ’ ਮੌਕੇ ਰੱਖਿਆ ਸਾਜ਼ੋ-ਸਾਮਾਨ ਨੂੰ ਪ੍ਰਦਰਸ਼ਿਤ ਕਰਦੇ ਹੋਏ ਜਵਾਨ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 14 ਜੁਲਾਈ
ਭਾਰਤੀ ਹਵਾਈ ਸੈਨਾ ਨੇ 25 ਸਾਲ ਪਹਿਲਾਂ ਹੋਈ ਕਾਰਗਿਲ ਜੰਗ ’ਚ ਪਾਏ ਆਪਣੇ ਯੋਗਦਾਨ ਨੂੰ ਅੱਜ ਯਾਦ ਕੀਤਾ। ਹਵਾਈ ਫੌਜ ਨੇ ਦੁਸ਼ਮਣ ਖ਼ਿਲਾਫ਼ ਲੜਾਈ ’ਚ ਥਲ ਸੈਨਾ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਹਜ਼ਾਰਾਂ ਲੜਾਕੂ ਮਿਸ਼ਨ ਅੰਜਾਮ ਦਿੱਤੇ ਤੇ ਹੈਲੀਕਾਪਟਰ ਉਡਾਣਾਂ ਭਰੀਆਂ ਸਨ। ਭਾਰਤ ਨੇ 1999 ’ਚ ਦੁਨੀਆਂ ਦੇ ਸਭ ਤੋਂ ਉੱਚੇ ਇਲਾਕੇ ’ਚ ਹੋਈ ਇਸ ਜੰਗ ’ਚ ਪਾਕਿਸਤਾਨ ਨੂੰ ਹਰਾਇਆ ਸੀ।
ਰੱਖਿਆ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਹਵਾਈ ਫੌਜ ਦੇਸ਼ ਲਈ ਸ਼ਹੀਦ ਹੋਏ ਬਹਾਦਰਾਂ ਜਵਾਨਾਂ ਦੇ ਸਨਮਾਨ ’ਚ 12 ਤੋਂ 26 ਜੁਲਾਈ ਤੱਕ ਹਵਾਈ ਸੈਨਾ ਸਟੇਸ਼ਨ ਸਰਸਾਵਾ ’ਚ ‘ਕਾਰਗਿਲ ਵਿਜੈ ਦਿਵਸ ਰਜਤ ਜੈਅੰਤੀ’ ਮਨਾ ਰਹੀ ਹੈ। ਸਮਾਗਮ ਦੌਰਾਨ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਨੂੰ ਲੰਘੇ ਦਿਨ ਹਵਾਈ ਸੈਨਾ ਸਟੇਸ਼ਨ ’ਚ ਸਥਿਤ ਜੰਗੀ ਯਾਦਗਾਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਪ੍ਰੋਗਰਾਮ ਮੌਕੇ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਬਿਆਨ ’ਚ ਕਿਹਾ ਗਿਆ, ‘‘ਭਾਰਤੀ ਹਵਾਈ ਸੈਨਾ ਕੋਲ ਆਪਣੇ ਹਵਾਈ ਸੈਨਾ ਬਹਾਦਰਾਂ ਦੇ ਹੌਂਸਲੇ ਅਤੇ ਕੁਰਬਾਨੀ ਦੀ ਮਾਣਮੱਤੀ ਵਿਰਾਸਤ ਹੈ, ਜਿਨ੍ਹਾਂ ਨੇ 1999 ’ਚ ਕਾਰਗਿਲ ਜੰਗ ’ਚ ਦੁਸ਼ਮਣਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ। ਅਸਲ ’ਚ ਇਹ ਫੌਜੀ ਹਵਾਬਾਜ਼ੀ ਖੇਤਰ ਦੇ ਇਤਿਹਾਸ ਦਾ ਮੀਲ ਪੱਥਰ ਸੀ।’’ ਬਿਆਨ ਮੁਤਾਬਕ ਹਵਾਈ ਸੈਨਾ ਨੇ ਜੰਗ ਦੌਰਾਨ ਲਗਪਗ ਪੰਜ ਹਜ਼ਾਰ ਲੜਾਕੂ ਮਿਸ਼ਨ, 350 ਟੋਹੀ/ਈਐੱਲਆਈਐੱਨਟੀ ਮਿਸ਼ਨ ਅਤੇ ਲਗਪਗ 800 ਐਸਕਾਰਟ ਉਡਾਣਾਂ ਭਰੀਆਂ। ਹਵਾਈ ਸੈਨਾ ਨੇ ਜ਼ਖਮੀਆਂ ਨੂੰ ਸੁਰੱਖਿਅਤ ਕੱਢਣ ਅਤੇ ਹਵਾਈ ਆਵਾਜਾਈ ਕੰਮਾਂ ਲਈ ਦੋ ਹਜ਼ਾਰ ਤੋਂ ਵੱਧ ਹੈਲੀਕਾਪਟਰ ਉਡਾਣਾਂ ਵੀ ਭਰੀਆਂ ਸਨ। ਬਿਆਨ ਮੁਤਾਬਕ ਇਸ ਸ਼ਰਧਾਂਜਲੀ ਸਮਾਗਮ ਮੌਕੇ ਹਵਾਈ ਸ਼ੋਅ ਵੀ ਕਰਵਾਇਆ ਗਿਆ ਜਿਸ ਵਿੱਚ ਆਕਾਸ਼ ਗੰਗਾ ਟੀਮ, ਜੈਗੁਆਰ, ਐੱਸਯੂ-30 ਐੱਮਕੇਆਈ ਅਤੇ ਰਾਫਾਲ ਲੜਾਕੂ ਜਹਾਜ਼ਾਂ ਨੇ ਕਰਤੱਬ ਦਿਖਾਏ। ਸ਼ਹੀਦ ਜਵਾਨਾਂ ਦੀ ਯਾਦ ’ਚ ਐੱਮਆਈ-17 ਵੀ5 ਹੈਲੀਕਾਪਟਰ ਨੇ ‘ਮਿਸਿੰਗ ਮੈਨ ਫਾਰਮੇਸ਼ਨ’ ’ਚ ਉਡਾਣ ਭਰੀ। ਚੀਤਾ ਤੇ ਚਿਨੂਕ ਆਦਿ ਹੈਲੀਕਾਪਟਰਾਂ ਨੇ ਵੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਏਅਰ ਵਾਰੀਅਰ ਡਰਿੱਲ ਟੀਮ ਤੇ ਏਅਰ ਫੋਰਸ ਬੈਂਡ ਨੇ ਵੀ ਪੇਸ਼ਕਾਰੀਆਂ ਦਿੱਤੀਆਂ। ਇਸ ਪ੍ਰੋਗਰਾਮ ਨੂੰ ਪੰਜ ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਜਿਨ੍ਹਾਂ ਵਿੱਚ ਸਕੂਲੀ ਵਿਦਿਆਰਥੀ, ਸਹਾਰਨਪੁਰ ਖੇਤਰ ਦੇ ਸਥਾਨਕ ਲੋਕ, ਸਾਬਕਾ ਸੈਨਿਕ, ਅਹਿਮ ਸ਼ਖਸੀਅਤਾਂ ਤੇ ਰੁੜਕੀ, ਦੇਹਰਾਦੂੁਨ ਤੇ ਅੰਬਾਲਾ ਸਥਿਤ ਰੱਖਿਆ ਸੰਸਥਾਵਾਂ ਦੇ ਮੁਲਾਜ਼ਮ ਸ਼ਾਮਲ ਸਨ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement