ਜਲੰਧਰ ਖੇਤਰ ’ਚ 25 ਹਜ਼ਾਰ ਏਕੜ ਫ਼ਸਲ ਤਬਾਹ
ਹਤਿੰਦਰ ਮਹਿਤਾ
ਜਲੰਧਰ, 31 ਜੁਲਾਈ
ਜ਼ਿਲ੍ਹਾ ਜਲੰਧਰ ਅੰਦਰ ਹੜ੍ਹ ਕਾਰਨ ਹੁਣ ਤੱਕ 25 ਹਜ਼ਾਰ ਏਕੜ ਦੇ ਕਰੀਬ ਫਸਲ ਨੁਕਸਾਨੀ ਗਈ ਹੈ ਤੇ ਸਤਲੁਜ ਦੇ ਧੁੱਸੀ ਬੰਨ੍ਹ ਵਿਚ ਕਾਸੂ ਮੰਡੀ ਨੇੜੇ ਪਏ ਦੂਜੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਹੜ੍ਹ ਦੀ ਮਾਰ ਹੇਠ ਆਏ ਕਈ ਪਿੰਡਾਂ ਵਿੱਚ ਅਜੇ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਜਾਣਕਾਰੀ ਅਨੁਸਾਰ ਪਿੰਡ ਮਹਿਰਾਜਵਾਲਾ, ਦਾਰੇਵਾਲ, ਬਾਊਪੁਰ ਤੇ ਅਲੀ ਕਲਾਂ ਸਣੇ ਹੋਰ ਪਿੰਡਾਂ ਵਿਚ ਹਾਲੇ ਵੀ ਪਾਣੀ ਭਰਿਆ ਹੋਇਆ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਰਾਤਾਂ ਜਾਗ ਕੇ ਪਹਿਰਾ ਦੇਣਾ ਪੈ ਰਿਹਾ ਹੈ ਤਾਂ ਕਿ ਹੋਰ ਜ਼ਿਆਦਾ ਪਾਣੀ ਉਨ੍ਹਾਂ ਦੇ ਪਿੰਡਾਂ ਵਿਚ ਆਉਣ ’ਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਰੋਜ਼ਾਨਾ ਹੀ ਭਾਖੜਾ ਡੈਮ ’ਚੋਂ ਪਾਣੀ ਛੱਡਣ ਦੀਆਂ ਅਫਵਾਹਾਂ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਤੇ ਰਾਤਾਂ ਵੀ ਜਾਗ ਕੇ ਕੱਟ ਰਹੇ ਹਨ। ਹੜ ਪੀੜਤ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਹੁਣ ਪਰਿਵਾਰ ਸਮੇਤ ਰਿਸ਼ਤੇਦਾਰਾਂ ਦੇ ਘਰ ਰਹਿ ਰਿਹਾ ਹੈ ਤੇ ਪਾਣੀ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਵਾਪਸ ਆਪਣੇ ਘਰਾਂ ਨੂੰ ਪਰਤ ਸਕਣ। ਅਮਰੀਕ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਇਸ ਸਮੇਂ ਸਹਾਇਤਾ ਕਰਨ ਵਾਲੇ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਤੇ ਕਈ ਤਾਂ ਪਸ਼ੂਆਂ ਦੇ ਚਾਰੇ ਦਾ ਅਚਾਰ ਲੈ ਕੇ ਆ ਰਹੇ ਹਨ ਜੋ ਕਿ ਉਨ੍ਹਾਂ ਲਈ ਬਹੁਤ ਵੱਡੀ ਸਹਾਇਤਾ ਹੈ ਕਿਉਂਕਿ ਪਸ਼ੂਆਂ ਦੇ ਚਾਰੇ ਦਾ ਅਚਾਰ ਖਰਾਬ ਨਹੀਂ ਹੁੰਦਾ ਤੇ ਪਸ਼ੂ ਵੀ ਉਸ ਨੂੰ ਅਸਾਨੀ ਨਾਲ ਖਾ ਲੈਂਦੇ ਹਨ। ਡੀਸੀ ਦਫਤਰ ਜਲੰਧਰ ਦੇ ਦਫਤਰ ਅੰਕੜਿਆਂ ਅਨੂਸਾਰ ਜ਼ਿਲ੍ਹੇ ਵਿਚ 25000 ਏਕੜ ਫ਼ਸਲ ਹੜ੍ਹ ਦੀ ਮਾਰ ਹੇਠਾਂ ਆਈ ਹੈ ਤੇ ਕਈ ਥਾਵਾਂ ’ਤੇ ਅਜੇ ਵੀ ਪਾਣੀ ਭਰਿਆ ਹੋਣ ਕਾਰਨ ਉਥੇ ਦੁਆਰਾ ਖੇਤੀ ਸ਼ੁਰੂ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਕ ਹਫਤੇ ਤੱਕ ਉਥੋਂ ਦੇ ਹਾਲਾਤ ਵੀ ਠੀਕ ਹੋਣ ਦੀ ਸੰਭਾਵਨਾ ਹੈ।
ਖੇਤਰ ਦੇ 18 ਪਿੰਡਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ
ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਹੜ੍ਹ ਕਾਰਨ ਖੇਤਰ ਦੇ 18 ਪਿੰਡਾਂ ਵਿਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਇਨ੍ਹਾਂ ਪਿੰਡਾਂ ’ਚ ਬਿਜਲੀ ਦੀ ਸਪਲਾਈ ਚਾਲੂ ਕਰਨ ’ਚ ਸਭ ਤੋਂ ਵੱਧ ਮੁਸ਼ਕਿਲ ਪੇਸ਼ ਆ ਰਹੀ ਹੈ। ਕਿਉਂਕਿ ਖੇਤਾਂ ਅਤੇ ਗਲੀਆਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਬਿਜਲੀ ਮੁਲਾਜ਼ਮ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਪਾਣੀ ਵਿਚ ਹੀ ਮੋਟਰਸਾਈਕਲ ਖੜ੍ਹਾ ਕਰਕੇ ਠੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦਾ ਨੁਕਸਾਨ ਕਿੰਨਾ ਹੋਇਆ ਹੈ ਇਹ ਦੱਸਣਾ ਅਜੇ ਮੁਸ਼ਕਿਲ ਹੈ ਪਰ ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਹੀ ਉਹ ਹੋਏ ਨੁਕਸਾਨ ਬਾਰੇ ਠੀਕ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਟਰਾਂਸਫਾਰਮਰ ਸਮੇਤ ਨੁਕਸਾਨੇ ਗਏ ਹਨ ਪਰ ਫਿਰ ਵੀ ਵਿਭਾਗ ਦੇ ਮੁਲਾਜ਼ਮ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹਨ।