ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਐੱਚਡੀਐੱਫਸੀ ਬੈਂਕ ਵਿੱਚੋਂ 25 ਲੱਖ ਰੁਪਏ ਲੁੱਟੇ
ਲਖਨਪਾਲ ਸਿੰਘ
ਮਜੀਠਾ, 18 ਸਤੰਬਰ
ਅੰਮ੍ਰਿਤਸਰ-ਪਠਾਨਕੋਟ ਰੋਡ ’ਤੇ ਸਥਿਤ ਪਿੰਡ ਗੋਪਾਲਪੁਰਾ ਵਿਚ ਪੰਜ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਐਚਡੀਐਫਸੀ ਬੈਂਕ ਵਿਚੋਂ 25 ਲੱਖ ਰੁਪਏ ਲੁੱਟ ਲਏ ਗਏ। ਜਾਣਕਾਰੀ ਅਨੁਸਾਰ ਥਾਣਾ ਕੱਥੂਨੰਗਲ ਅਧੀਨ ਪੈਂਦੇ ਪਿੰਡ ਗੋਪਾਲਪੁਰਾ ਸਥਿਤ ਐਚਡੀਐਫਸੀ ਬੈਂਕ ਦੀ ਬਰਾਂਚ ਵਿੱਚ ਪੰਜ ਹਥਿਆਰਬੰਦ ਵਿਅਕਤੀ ਬੈਂਕ ਅੰਦਰ ਦਾਖਲ ਹੋਏ ਤੇ ਤਿੰਨ ਪਿਸਤੌਲਾਂ ਦੀ ਨੋਕ ’ਤੇ ਬੈਂਕ ਦੇ ਕਰਮਚਾਰੀਆਂ ਤੇ ਗਾਹਕਾਂ ਨੂੰ ਬੰਦੀ ਬਣਾ ਲਿਆ ਤੇ ਬੈਂਕ ਦਾ ਬਾਹਰਲਾ ਸ਼ਟਰ ਬੰਦ ਕਰਕੇ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਉਤਾਰ ਲਿਆ ਤੇ ਬੈਂਕ ਵਿੱਚ ਸਾਰੀ ਪਈ ਨਕਦੀ ਲੈ ਕੇ ਫਰਾਰ ਹੋ ਗਏ। ਇਨ੍ਹਾਂ ਪੰਜੇ ਵਿਅਕਤੀਆਂ ਨੇ ਨਕਾਬ ਪਾਏ ਹੋਏ ਸਨ। ਤਿੰਨ ਨੌਜਵਾਨਾਂ ਕੋਲ ਪਿਸਤੌਲ ਸਨ ਤੇ ਉਹ ਦੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ 15 ਮਿੰਟ ਦੇ ਕਰੀਬ ਬੈਂਕ ਅੰਦਰ ਰਹੇ। ਬੈਂਕ ਅਧਿਕਾਰੀਆਂ ਅਨੁਸਾਰ ਲੁਟੇਰੇ ਕੈਮਰਿਆਂ ਦੇ ਡੀਵੀਆਰ ਸਮੇਤ 25 ਲੱਖ ਦੇ ਕਰੀਬ ਰਾਸ਼ੀ ਲੈ ਗਏ। ਇਸ ਵਾਰਦਾਤ ਦਾ ਪਤਾ ਲੱਗਣ ’ਤੇ ਡੀਐਸਪੀ ਮਜੀਠਾ ਅਤੇ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।