ਐੱਚਡੀਐੱਫਸੀ ਬੈਂਕ ਦੀ ਬਰਾਂਚ ’ਚੋਂ 25 ਲੱਖ ਰੁਪਏ ਲੁੱਟੇ
ਲਖਨਪਾਲ ਿਸੰਘ
ਮਜੀਠਾ, 18 ਸਤੰਬਰ
ਅੰਮ੍ਰਿਤਸਰ-ਪਠਾਨਕੋਟ ਰੋਡ ’ਤੇ ਸਥਿਤ ਪਿੰਡ ਗੋਪਾਲਪੁਰਾ ਮਜਵਿੰਡ ਵਿੱਚ ਸਥਿਤ ਐੱਚਡੀਐੱਫਸੀ ਬੈਂਕ ਦੀ ਬਰਾਂਚ ਵਿੱਚ ਅੱਜ ਪੰਜ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਬੈਂਕ ਮੁਲਾਜ਼ਮਾਂ ਤੇ ਗਾਹਕਾਂ ਨੂੰ ਬੰਦੀ ਬਣਾ ਕੇ 25 ਲੱਖ ਰੁਪਏ ਲੁੱਟ ਲਏ। ਥਾਣਾ ਕੱਥੂਨੰਗਲ ਅਧੀਨ ਪਿੰਡ ਗੋਪਾਲਪੁਰਾ ਵਿੱਚ ਸਥਿਤ ਐੱਚਡੀਐੱਫਸੀ ਬੈਂਕ ਦੀ ਬਰਾਂਚ ਵਿੱਚ ਪੰਜ ਹਥਿਆਰਬੰਦ ਅਣਪਛਾਤੀ ਆਏ, ਜਿਨ੍ਹਾਂ ਨੇ ਪਿਸਤੌਲਾਂ ਦਿਖਾ ਕੇ ਮੁਲਾਜ਼ਮਾਂ ਤੇ ਗਾਹਕਾਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਬੈਂਕ ਦਾ ਬਾਹਰਲਾ ਸ਼ਟਰ ਬੰਦ ਕਰ ਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਉਤਾਰ ਲਿਆ ਅਤੇ ਬੈਂਕ ਵਿੱਚ ਪਈ ਸਾਰੀ ਨਕਦੀ ਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਅਰ ਲੈ ਕੇ ਫ਼ਰਾਰ ਹੋ ਗਏ। ਬੈਂਕ ਅੰਦਰ ਦਾਖ਼ਲ ਹੋਏ ਪੰਜ ਨਕਾਬਪੋਸ਼ ਵਿਅਕਤੀਆਂ ’ਚੋਂ ਤਿੰਨ ਕੋਲ ਪਿਸਤੌਲ ਸਨ। ਉਹ ਕਰੀਬ 15 ਮਿੰਟ ਬੈਂਕ ਅੰਦਰ ਰਹੇ। ਲੁਟੇਰੇ ਦੋ ਮੋਟਰਸਾਈਕਲਾਂ ’ਤੇ ਆਏ ਸਨ। ਬੈਂਕ ਅਧਿਕਾਰੀਆਂ ਅਨੁਸਾਰ ਲੁਟੇਰੇ ਕੈਮਰਿਆਂ ਦੇ ਡੀਵੀਆਰ ਸਣੇ 25 ਲੱਖ ਰੁਪਏ ਲੁੱਟ ਕੇ ਲੈ ਗਏ। ਇਸ ਘਟਨਾ ਦਾ ਪਤਾ ਲੱਗਣ ’ਤੇ ਐੱਸਐੱਸਪੀ ਅੰਮਿ੍ਰਤਸਰ ਦਿਹਾਤੀ ਚਰਨਜੀਤ ਸਿੰਘ, ਐੱਸਪੀ ਹਰਿੰਦਰ ਸਿੰਘ ਗਿੱਲ, ਡੀਐੱਸਪੀ ਮਜੀਠਾ ਜਸਪਾਲ ਸਿੰਘ ਢਿੱਲੋਂ ਪੁਲੀਸ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ। ਐੱਸਐੱਸਪੀ ਚਰਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੀਐੱਨਬੀ ਦਾ ਏਟੀਐੱਮ ਕੱਟ ਕੇ 17 ਲੱਖ ਰੁਪਏ ਲੁੱਟੇ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ):
ਹਲਕੇ ਦੇ ਪਿੰਡ ਲੰਮਾ (ਜੱਟਪੁਰਾ) ਵਿੱਚ ਕੁੱਝ ਨਕਾਬਪੋਸ਼ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਦੇ ਏਟੀਐੱਮ ਨੂੰ ਗੈਸ ਕਟਰ ਨਾਲ ਕੱਟ ਕੇ ਉਸ ’ਚੋਂ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣ ਲੱਗੇ ਉਹ ਸੀਸੀਟੀਵੀ ਕੈਮਰਿਆਂ ’ਤੇ ਸਪਰੇਅ ਕਰ ਗਏ। ਪਿੰਡ ਲੰਮਾ (ਜੱਟਪੁਰਾ) ਵਿੱਚ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਦੇ ਨਾਲ ਹੀ ਏਟੀਐੱਮ ਲੱਗਿਆ ਹੋਇਆ ਹੈ। ਬੀਤੀ ਦੇਰ ਰਾਤ ਚਾਰ ਨਕਾਬਪੋਸ਼ਾਂ ਨੇ ਪਹਿਲਾਂ ਮਸ਼ੀਨ ਨੂੰ ਗੈਸ ਕਟਰ ਨਾਲ ਕੱਟਿਆ ਅਤੇ ਮਗਰੋਂ ਇਸ ’ਚੋਂ ਕਰੀਬ 17 ਲੱਖ ਰੁਪਏ ਨਕਦੀ ਕੱਢ ਕੇ ਫਰਾਰ ਹੋ ਗਏ। ਅੱਜ ਸਵੇਰੇ ਇੱਕ ਵਿਅਕਤੀ ਨੇ ਬੈਂਕ ਮੈਨੇਜਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ’ਤੇ ਬੈਂਕ ਮੈਨੇਜਰ ਸਮੇਤ ਜਗਰਾਓਂ, ਰਾਏਕੋਟ ਅਤੇ ਹਠੂਰ ਪੁਲੀਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਗਈਆਂ। ਬੈਂਕ ਮੈਨੇਜਰ ਰਿਸ਼ਭ ਅਗਰਵਾਲ ਨੇ ਦੱਸਿਆ ਕਿ ਏਟੀਐੱਮ ਵਿੱਚ 17 ਲੱਖ 14 ਹਜ਼ਾਰ ਰੁਪਏ ਪਏ ਸਨ, ਜੋ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ। ਡੀਐੱਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਲੁਟੇਰਿਆਂ ਨੇ ਬੈਂਕ ਅਤੇ ਪਿੰਡ ’ਚ ਹੋਰ ਥਾਵਾਂ ’ਤੇ ਲੱਗੇ ਕੈਮਰਿਆਂ ’ਤੇ ਕਾਲੀ ਸਪਰੇਅ ਕੀਤੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਲੁਟੇਰਿਆਂ ਨੂੰ ਜਲਦੀ ਹਿਰਾਸਤ ਵਿੱਚ ਲੈ ਲੈਣਗੇ।